Appam - Punjabi

ਜੁਲਾਈ 08 – ਏਲੀਯਾਹ ਦੀ ਸੱਚਿਆਈ!

“ਤਾਂ ਉਸ ਔਰਤ ਨੇ ਏਲੀਯਾਹ ਨੂੰ ਆਖਿਆ, ਹੁਣ ਮੈਂ ਜਾਣਿਆ ਕਿ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ”(1ਰਾਜਾ 17:24)।

ਕੁੱਝ ਲੋਕ ਆਪਣੇ ਬਾਰੇ ਗਵਾਹੀ ਦਿੰਦੇ ਹਨ ਅਤੇ ਕੁੱਝ ਲੋਕ ਦੂਸਰਿਆਂ ਦੇ ਬਾਰੇ ਗਵਾਹੀ ਦਿੰਦੇ ਹਨ। ਪਰ ਪ੍ਰਮੇਸ਼ਵਰ ਆਪ ਕੁੱਝ ਲੋਕਾਂ ਦੀ ਗਵਾਹੀ ਦਿੰਦੇ ਹਨ। ਏਲੀਯਾਹ ਦੇ ਸੰਬੰਧ ਵਿੱਚ, ਬਹੁਤ ਸਾਰੇ ਲੋਕਾਂ ਨੇ ਉਸਦੀ ਵਫ਼ਾਦਾਰੀ ਦੀ ਗਵਾਹੀ ਦਿੱਤੀ ਅਤੇ ਪ੍ਰਮੇਸ਼ਵਰ ਨੇ ਵੀ ਉਸਦੀ ਗਵਾਹੀ ਦਿੱਤੀ। ਸਾਰਫਥ ਦੀ ਵਿਧਵਾ, ਜੋ ਇੱਕ ਦੂਸਰੀ ਜਾਤੀ ਵਿੱਚੋਂ ਸੀ, ਏਲੀਯਾਹ ਦੀ ਵਫ਼ਾਦਾਰੀ ਦੀ ਗਵਾਹੀ ਦਿੱਤੀ। ਉਸਨੇ ਉਸਨੂੰ ਇਹ ਕਹਿੰਦੇ ਹੋਏ ਸੰਬੋਧਿਤ ਕੀਤਾ, “ਤੂੰ ਪਰਮੇਸ਼ੁਰ ਦਾ ਬੰਦਾ ਹੈਂ” ਅਤੇ ਇਹ ਉਸਦੀ ਪਹਿਲੀ ਗਵਾਹੀ ਸੀ। ਫਿਰ ਉਸਨੇ ਕਿਹਾ, “ਅਤੇ ਯਹੋਵਾਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ” ਅਤੇ ਇਹ ਉਸਦੀ ਅਗਲੀ ਗਵਾਹੀ ਸੀ।

ਦੂਸਰੇ ਤੁਹਾਡੇ ਬਾਰੇ ਕਿਵੇਂ ਦੀ ਗਵਾਹੀ ਦਿੰਦੇ ਹਨ? ਤੁਸੀਂ ਦੂਸਰਿਆਂ ਨੂੰ ਦੋ ਅੱਖਾਂ ਨਾਲ ਦੇਖਦੇ ਹੋ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੂਸਰੇ ਤੁਹਾਨੂੰ ਹਜ਼ਾਰਾਂ ਅੱਖਾਂ ਨਾਲ ਦੇਖ ਰਹੇ ਹਨ। ਜਦੋਂ ਤੁਹਾਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ, ਤਾਂ ਕੀ ਤੁਸੀਂ ਪ੍ਰਮੇਸ਼ਵਰ ਦੇ ਬੱਚਿਆਂ ਦੀ ਤਰ੍ਹਾਂ ਦਿਖਦੇ ਹੋ? ਕੀ ਦੂਸਰੇ ਲੋਕ ਗਵਾਹੀ ਦੇਣਗੇ ਕੀ ਤੁਸੀਂ ਜਿਹੜੇ ਵਚਨ ਬੋਲਦੇ ਹੋ ਉਹ ਪ੍ਰਮੇਸ਼ਵਰ ਦੇ ਹਨ ਅਤੇ ਉਹ ਵਚਨ ਸੱਚ ਹਨ।

ਏਲੀਯਾਹ ਦੀ ਸੱਚਿਆਈ ਕੀ ਹੈ? ਸੱਚ ਤਾਂ ਇਹ ਹੈ ਕਿ ਉਹ ਪ੍ਰਮੇਸ਼ਵਰ ਦਾ ਭਗਤ ਸੀ ਅਤੇ ਉਹ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੜਾ ਹੋਣ ਵਾਲਾ ਵਿਅਕਤੀ ਸੀ। ਏਲੀਯਾਹ ਵੀ ਸਾਡੇ ਵਰਗਾ ਦੁੱਖ-ਸੁੱਖ ਭੋਗਣ ਵਾਲਾ ਸਧਾਰਨ ਵਿਅਕਤੀ ਸੀ। ਪਰ ਉਸਨੇ ਪ੍ਰਮੇਸ਼ਵਰ ਦਾ ਅਨੁਸਰਣ ਕਰਦੇ ਹੋਏ ਹਰ ਚੀਜ਼ ਵਿੱਚ ਸੱਚਾ ਹੋਣ ਦਾ ਫ਼ੈਸਲਾ ਲਿਆ। ਹਰ ਦਿਨ, ਸਵੇਰ ਨੂੰ ਉਸਨੇ ਪ੍ਰਮੇਸ਼ਵਰ ਦੇ ਸਾਹਮਣੇ, ਉਸਦੀ ਹਜ਼ੂਰੀ ਵਿੱਚ ਖੜਾ ਹੋਣਾ ਸ਼ੁਰੂ ਕੀਤਾ।

ਧਿਆਨ ਨਾਲ ਪੜੋ, ਉਹ ਸ਼ਬਦ ਜਿਹੜੇ ਉਸਨੇ ਅਹਾਬ ਨੂੰ ਪਹਿਲੀ ਵਾਰ ਕਹੇ ਸੀ। ਉਸਨੇ ਕਿਹਾ, “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜਾ ਹਾਂ”(1ਰਾਜਾ 17:1)। ਇਸ ਤਰ੍ਹਾਂ ਉਸਦੀ ਪਹਿਚਾਣ ਹੋਈ। ਇਹ ਹੀ ਉਸਦੀ ਮਹਾਨਤਾ ਸੀ। ਇਹ ਹੀ ਉਸਦੀ ਤਾਕਤ ਦਾ ਰਾਜ ਸੀ। ਇਹ ਹੀ ਉਸਦੀ ਵਫ਼ਾਦਾਰੀ ਸੀ।

ਕਿਉਂਕਿ ਏਲੀਯਾਹ ਨੂੰ ਹਰ ਦਿਨ ਪ੍ਰਮੇਸ਼ਵਰ ਦੇ ਸਾਹਮਣੇ ਮੌਜੂਦ ਹੋਣ ਦੀ ਆਦਤ ਸੀ, ਇਸ ਲਈ ਉਹ ਰਾਜਾ ਅਹਾਬ ਦੇ ਸਾਹਮਣੇ ਖੜਾ ਹੋਣ ਤੋਂ ਨਹੀਂ ਡਰਦਾ ਸੀ। ਪ੍ਰਮੇਸ਼ਵਰ ਦੇ ਸਾਹਮਣੇ ਸੱਚਿਆਈ ਨਾਲ ਮੌਜੂਦ ਰਹਿਣ ਨਾਲ ਉਸ ਵਿੱਚ ਇੰਨਾ ਵਿਸ਼ਵਾਸ ਆਇਆ ਕੀ ਉਸਨੇ ਕਿਹਾ, ‘ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ।’ ਜੇਕਰ ਤੁਸੀਂ ਹਰ ਦਿਨ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹੁੰਦੇ ਹੋ ਅਤੇ ਉਸਦੀ ਉਸਤਤ ਕਰਦੇ ਹੋ, ਤਾਂ ਪ੍ਰਮੇਸ਼ਵਰ ਤੁਹਾਨੂੰ ਹੋਰ ਵੀ ਜ਼ਿਆਦਾ ਉੱਚਾ ਉਠਾਵੇਗਾ। ਡਾਕਟਰਾਂ ਅਤੇ ਵਕੀਲਾਂ ਦੇ ਸਾਹਮਣੇ ਪੂਰੀ ਅਧੀਨਤਾ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਤੁਹਾਡੇ ਲਈ ਪੈਦਾ ਨਹੀਂ ਹੋਵੇਗੀ।

ਅਲੀਸ਼ਾ ਵੀ ਆਪਣੇ ਬਾਰੇ ਇਹ ਹੀ ਸ਼ਬਦ ਕਹਿੰਦਾ ਹੈ। “ਸੈਨਾਂ ਦੇ ਜਿਉਂਦੇ ਯਹੋਵਾਹ ਦੀ ਸਹੁੰ ਜਿਸ ਦੇ ਅੱਗੇ ਮੈਂ ਖੜ੍ਹਾ ਹਾਂ”(2 ਰਾਜਾ 3:14)। ਸਵਰਗ ਦੂਤ ਜਿਬਰਾਏਲ ਆਪਣੇ ਬਾਰੇ ਕਹਿੰਦਾ ਹੈ, “ਮੈਂ ਜਿਬਰਾਏਲ ਹਾਂ, ਜੋ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹਾਂ”(ਲੂਕਾ 1:19)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇਹ ਏਲੀਯਾਹ ਦੀ ਸੱਚਿਆਈ ਹੈ। ਇਹ ਹੀ ਅਲੀਸ਼ਾ ਦੀ ਸਫ਼ਲਤਾ ਦਾ ਕਾਰਨ ਹੈ। ਜਿਬਰਾਏਲ ਦਾ ਮਾਨ ਵੀ ਉਹ ਹੀ ਹੈ। ਕੀ ਤੁਸੀਂ ਵੀ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਸੱਚਿਆਈ ਅਤੇ ਵਫ਼ਾਦਾਰੀ ਦੇ ਨਾਲ ਖੜੇ ਹੋਵੋਂਗੇ?

ਅਭਿਆਸ ਕਰਨ ਲਈ – “ਮੇਰਾ ਬੋਲਣਾ ਮੇਰੇ ਦਿਲ ਦੀ ਸਿਧਿਆਈ ਨੂੰ ਪਰਗਟ ਕਰੇਗਾ, ਅਤੇ ਮੇਰੇ ਬੁੱਲ੍ਹ ਗਿਆਨ ਨੂੰ ਸਫ਼ਾਈ ਨਾਲ ਬੋਲਣਗੇ”(ਅੱਯੂਬ 33:3)।

Leave A Comment

Your Comment
All comments are held for moderation.