Appam - Punjabi

ਜੁਲਾਈ 06 – ਦਾਊਦ ਦੀ ਸੱਚਿਆਈ!

“ਅਤੇ ਯਹੋਵਾਹ ਸਾਰੇ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦੇ ਅਨੁਸਾਰ ਫਲ ਦੇਵੇ ਕਿਉਂ ਜੋ ਯਹੋਵਾਹ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ ਪਰ ਮੈਂ ਨਹੀਂ ਚਾਹਿਆ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ”(1ਸਮੂਏਲ 26:23)।

ਦਾਊਦ ਪ੍ਰਮੇਸ਼ਵਰ ਦੇ ਇਸ ਨਿਰਦੇਸ਼ ਨੂੰ ਪੂਰਾ ਕਰਨ ਵਿੱਚ ਵਫ਼ਾਦਾਰ ਸੀ, ਕਿ “ਮਸਹ ਕੀਤੇ ਹੋਏ ਲੋਕਾਂ ਉੱਤੇ ਆਪਣੇ ਹੱਥ ਨਾ ਉਠਾਓ”। ਸ਼ਾਊਲ ਦਾ ਰਾਜਾ ਦੇ ਵਜੋਂ ਮਸਹ ਕੀਤਾ ਗਿਆ ਸੀ। ਪਰ ਪ੍ਰਮੇਸ਼ਵਰ ਦੇ ਵਚਨ ਦੀ ਅਣਆਗਿਆਕਾਰੀ ਕਰਨ ਦੇ ਕਾਰਨ ਉਸਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਪਰਮੇਸ਼ੁਰ ਨੇ ਸ਼ਾਊਲ ਨੂੰ ਸਿੰਘਾਸਣ ਤੋਂ ਉਤਾਰਨ ਅਤੇ ਉਸਨੂੰ ਦਾਊਦ ਨੂੰ ਸੌਂਪ ਦੇਣ ਦੀ ਇੱਛਾ ਜ਼ਾਹਿਰ ਕੀਤੀ। ਪਰ ਫਿਰ ਵੀ, ਦਾਊਦ ਦੇ ਮਨ ਵਿੱਚ ਸ਼ਾਊਲ ਦੇ ਪ੍ਰਤੀ ਆਦਰ ਅਤੇ ਸਤਿਕਾਰ ਸੀ।

ਪਰ, ਸ਼ਾਊਲ ਨੇ ਦਾਊਦ ਦਾ ਸ਼ਿਕਾਰ ਕਰਨ ਦੇ ਲਈ ਉਸਦਾ ਪਿੱਛਾ ਕੀਤਾ। ਜਦੋਂ ਦਾਊਦ ਪਹਾੜੀਆਂ ਅਤੇ ਗੁਫਾਵਾਂ ਵਿੱਚ ਲੁਕਿਆ ਸੀ, ਤਦ ਵੀ ਸ਼ਾਊਲ ਆਪਣੇ ਯੋਧਿਆਂ ਸਮੇਤ ਉਸਦੀ ਭਾਲ ਵਿੱਚ ਨਿੱਕਲਿਆ। ਪਰੰਤੂ ਇੱਕ ਦਿਨ, ਦਾਊਦ, ਸ਼ਾਊਲ ਦੇ ਕੋਲ ਇੱਕਲੇ ਜਾਣ ਵਿੱਚ ਸਫ਼ਲ ਹੋਇਆ, ਜਦੋਂ ਉਹ ਸੌਂ ਰਿਹਾ ਸੀ। ਅਤੇ ਉਹ ਬਰਛੀ ਅਤੇ ਪਾਣੀ ਦੀ ਗੜਵੀ ਜਿਹੜੀ ਸ਼ਾਊਲ ਦੇ ਕੋਲ ਸੀ, ਲੈ ਕੇ ਉੱਥੋਂ ਚਲਾ ਗਿਆ। ਉਸਨੇ ਸ਼ਾਊਲ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਅਬੀਸ਼ਈ ਨੇ ਸ਼ਾਊਲ ਨੂੰ ਮਾਰਨਾ ਚਹਾਇਆ, ਤਦ ਦਾਊਦ ਨੇ ਕਿਹਾ, “ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?”(1ਸਮੂਏਲ 26:9)।

ਦਾਊਦ ਦੀ ਸੱਚਿਆਈ ਨੂੰ ਦੇਖ ਕੇ ਪ੍ਰਮੇਸ਼ਵਰ ਨੇ ਉਸਨੂੰ ਬਰਕਤ ਦੇਣੀ ਚਾਹੀ। ਦਾਊਦ ਦਿਨ ਪ੍ਰਤੀ ਦਿਨ ਉੱਨਤੀ ਕਰਦਾ ਗਿਆ। ਉਚਿੱਤ ਸਮੇਂ ਤੇ, ਉਸਨੂੰ ਸ਼ਾਊਲ ਦਾ ਰਾਜ ਵੀ ਵਿਰਾਸਤ ਵਿੱਚ ਮਿਲਿਆ। ਅਸੀਂ ਵੀ ਕਿੰਨੇ ਬਰਕਤ ਵਾਲੇ ਹੋਵਾਂਗੇ, ਜੇਕਰ ਅਸੀਂ ਵੀ ਦਾਊਦ ਦੀ ਤਰ੍ਹਾਂ ਵਫ਼ਾਦਾਰ ਬਣੇ ਰਹੇ! ਪ੍ਰਮੇਸ਼ਵਰ ਦੇ ਚੁਣਿਆਂ ਹੋਇਆਂ ਸੇਵਕਾਂ ਦੀ ਬੁਰਿਆਈ ਕਦੇ ਨਾ ਕਰੋ। ਉਨ੍ਹਾਂ ਦੇ ਖਿਲਾਫ਼ ਕਦੇ ਵੀ ਹੱਥ ਨਾ ਵਧਾਉ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੌਣ ਦੋਸ਼ ਲਗਾ ਸਕਦਾ ਹੈ? ਪਰਮੇਸ਼ੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ”(ਰੋਮੀਆਂ 8:33)।

ਜਿਹੜੇ ਲੋਕ ਪ੍ਰਮੇਸ਼ਵਰ ਉੱਤੇ ਆਪਣਾ ਪਿਆਰ ਰੱਖਦੇ ਹਨ, ਉਹ ਕਦੇ ਵੀ ਪ੍ਰਮੇਸ਼ਵਰ ਦੇ ਮਸਹ ਹੋਏ ਸੇਵਕਾਂ ਵਿੱਚ ਦੋਸ਼ ਲੱਭਣ ਵਿੱਚ ਸ਼ਾਮਿਲ ਨਹੀਂ ਹੋਣਗੇ। ਉਹ ਉਨ੍ਹਾਂ ਵਿੱਚ ਦਿਖਾਈ ਦੇਣ ਵਾਲੀਆਂ ਚੰਗੀਆਂ ਚੀਜ਼ਾਂ ਦੀ ਪ੍ਰਸ਼ੰਸਾ ਕਰਨਗੇ ਅਤੇ ਜਦੋਂ ਕੋਈ ਕਮੀ ਦਿਖਾਈ ਦੇਵੇਗੀ, ਤਾਂ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਦੀ ਬਜਾਏ ਗੋਡੇ ਟੇਕ ਕੇ ਉਨ੍ਹਾਂ ਦੇ ਲਈ ਹੰਝੂਆਂ ਦੇ ਨਾਲ ਪ੍ਰਾਰਥਨਾ ਕਰਨਗੇ। ਦਾਊਦ ਦੇ ਅੰਦਰ ਕਿੰਨੀ ਅਦਭੁੱਤ ਸੱਚਿਆਈ ਸੀ!

ਸੁਲੇਮਾਨ ਨੇ ਦਾਊਦ ਦੀ ਸੱਚਿਆਈ ਨੂੰ ਦੇਖਿਆ। ਤਦ ਉਸਨੇ ਪ੍ਰਾਰਥਨਾ ਕਰਦੇ ਹੋਏ ਕਿਹਾ, “ਤੂੰ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸਚਿਆਈ, ਧਰਮ ਅਤੇ ਮਨ ਦੀ ਖ਼ਰਾਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੂੰ ਉਹ ਦੇ ਲਈ ਉਸ ਵੱਡੀ ਦਯਾ ਦੀ ਪਾਲਣਾ ਕੀਤੀ ਕਿ ਉਹ ਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹ ਦੀ ਰਾਜ ਗੱਦੀ ਉੱਤੇ ਬੈਠਾ ਹੈ, ਜਿਵੇਂ ਅੱਜ ਦੇ ਦਿਨ ਹੈ”(1ਰਾਜਾ 3:6)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਬਣੇ ਰਹੋ। ਮਸਹ ਕੀਤੇ ਹੋਏ ਲੋਕਾਂ ਵਿੱਚ ਦੋਸ਼ ਲੱਭਣ ਦੀ ਆਦਤ ਤੋਂ ਛੁਟਕਾਰਾ ਪਾਓ ਅਤੇ ਸਵਰਗੀ ਸ਼ਾਂਤੀ ਅਤੇ ਨਿਮਰਤਾ ਦੇ ਨਾਲ ਰਹੋ।

ਅਭਿਆਸ ਕਰਨ ਲਈ – “ਹੇ ਯਹੋਵਾਹ ਦੇ ਸਾਰੇ ਸੰਤੋ, ਉਹ ਦੇ ਨਾਲ ਪ੍ਰੇਮ ਰੱਖੋ, ਯਹੋਵਾਹ ਸੱਚਿਆਂ ਦਾ ਰਾਖ਼ਾ ਹੈ, ਪਰ ਹੰਕਾਰੀਆਂ ਨੂੰ ਪੂਰੀ ਸਜ਼ਾ ਦਿੰਦਾ ਹੈ”(ਜ਼ਬੂਰਾਂ ਦੀ ਪੋਥੀ 31:23)।

Leave A Comment

Your Comment
All comments are held for moderation.