No products in the cart.
ਅਪ੍ਰੈਲ 06 – ਉਸਤਤ ਦੀ ਉੱਤਮਤਾ!
“ਅਤੇ ਉਸ ਨੇ ਯਹੋਵਾਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਤੇ ਬਰਬਤਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ ਅਤੇ ਪਾਤਸ਼ਾਹ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਹੋਵਾਹ ਵੱਲੋਂ ਇਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ”(2 ਇਤਿਹਾਸ 29:25)।
ਜ਼ਬੂਰਾਂ ਦੀ ਪੋਥੀ ਧਰਤੀ ਉੱਤੇ ਪਰਮੇਸ਼ੁਰ ਦੀ ਉਸਤਤ ਦਾ ਵਰਣਨ ਕਰਦੀ ਹੈ। ਅਤੇ ਪ੍ਰਕਾਸ਼ ਦੀ ਪੋਥੀ ਪਰਮੇਸ਼ੁਰ ਦੇ ਲੋਕਾਂ ਦੁਆਰਾ, ਸਵਰਗ ਵਿੱਚ ਪਰਮੇਸ਼ੁਰ ਦੀ ਉਸਤਤ ਨੂੰ ਉਜਾਗਰ ਕਰਦੀ ਹੈ। ਜਦੋਂ ਤੁਸੀਂ ਇਸ ਦੁਨਿਆਵੀਂ ਜੀਵਨ ਵਿੱਚ ਪ੍ਰਮੇਸ਼ਵਰ ਦੀ ਉਸਤਤ ਕਰਦੇ ਹੋ, ਤਾਂ ਇਹ ਤੁਹਾਡੇ ਲਈ ਸਦੀਪਕ ਕਾਲ ਤੱਕ ਲਗਾਤਾਰ ਪ੍ਰਮੇਸ਼ਵਰ ਦੀ ਉਸਤਤ ਕਰਨ ਦਾ ਰਸਤਾ ਤਿਆਰ ਕਰੇਗੀ।
ਰਾਜਾ ਦਾਊਦ ਨੇ ਸੋਚਿਆ ਕਿ ਕਿਵੇਂ ਪਰਮੇਸ਼ੁਰ ਦੇ ਦੂਤ, ਕਰੂਬ, ਸਰਾਫ਼ੀਮ, ਅਤੇ ਯਹੋਵਾਹ ਦੇ ਛੁਡਾਏ ਹੋਏ ਲੋਕ ਸਦੀਪਕ ਕਾਲ ਤੱਕ ਪਰਮੇਸ਼ੁਰ ਦੀ ਉਸਤਤ ਅਤੇ ਆਰਾਧਨਾ ਕਰਨਗੇ। ਉਹ ਅਜਿਹੀ ਸਵਰਗੀ ਉਸਤਤ ਨੂੰ ਧਰਤੀ ਉੱਤੇ ਲਿਆਉਣ ਦੇ ਲਈ ਬਹੁਤ ਬੇਸਬਰ ਸੀ। ਇਸ ਲਈ ਉਸਨੇ ਆਰਾਧਨਾ ਦੀ ਸਿੱਖਿਆ ਦਿੱਤੀ ਅਤੇ ਇੱਕ ਉਸਤਤ ਅਤੇ ਆਰਾਧਨਾ ਸਮੂਹ ਦੀ ਸਥਾਪਨਾ ਕੀਤੀ।
ਕੀ ਤੁਸੀਂ ਜਾਣਦੇ ਹੋ ਕਿ ਉਸ ਉਸਤਤ ਅਤੇ ਆਰਾਧਨਾ ਸਮੂਹ ਵਿੱਚ ਕਿੰਨੇ ਮੈਂਬਰ ਸਨ? “ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਊਦ ਨੇ ਆਖਿਆ ਹੈ, ਯਹੋਵਾਹ ਦੀ ਉਸਤਤ ਲਈ ਬਣਾਏ ਸਨ”(1 ਇਤਹਾਸ 23:5)। ਜ਼ਰਾ ਕਲਪਨਾ ਕਰੋ ਕਿ ਚਾਰ ਹਜ਼ਾਰ ਲੋਕਾਂ ਦੇ ਲਈ ਸੰਗੀਤ ਸਾਜ਼ ਵਜਾਉਣਾ ਅਤੇ ਪਰਮੇਸ਼ੁਰ ਦੀ ਉਸਤਤ ਕਰਨਾ ਕਿੰਨਾ ਅਦਭੁੱਤ ਰਿਹਾ ਹੋਵੇਗਾ। ਇਹ ਧਰਤੀ ਉੱਤੇ ਇੱਕ ਛੋਟੇ ਜਿਹੇ ਸਵਰਗ ਵਰਗਾ ਹੁੰਦਾ!
ਦਾਊਦ ਨੇ ਆਪਣੇ ਆਪ ਦੇ ਤਜ਼ਰਬੇ ਨਾਲ ਅਤੇ ਪਵਿੱਤਰ ਸ਼ਾਸਤਰ ਉੱਤੇ ਮਨਨ ਕਰਕੇ, ਪਰਮੇਸ਼ੁਰ ਦੀ ਉਸਤਤ ਕਰਨ ਦੇ ਲਈ ਜ਼ਬੂਰਾਂ ਦੀ ਰਚਨਾ ਕੀਤੀ। ਉਸਨੇ ਉਸਤਤ ਅਤੇ ਆਰਾਧਨਾ ਦੇ ਸਮੂਹ ਨੂੰ ਇਹ ਵੀ ਸਿਖਾਇਆ ਕਿ ਉਹਨਾਂ ਜ਼ਬੂਰਾਂ ਨੂੰ ਕਿਵੇਂ ਗਾਇਆ ਜਾਵੇ ਅਤੇ ਵੱਖ-ਵੱਖ ਸਾਜ਼ਾਂ ਨੂੰ ਕਿਵੇਂ ਵਜਾਇਆ ਜਾਵੇ। ਅਸੀਂ ਪਵਿੱਤਰ ਸ਼ਾਸਤਰ ਵਿੱਚ ਉਸਦੇ ਨਿਰਦੇਸ਼ ਦੇ ਬਾਰੇ ਦੇਖਦੇ ਹਾਂ: “ਉਸ ਦੇ ਲਈ ਇੱਕ ਨਵਾਂ ਗੀਤ ਗਾਓ, ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ”(ਜ਼ਬੂਰਾਂ ਦੀ ਪੋਥੀ 33:3)।
ਮੇਰੇ ਜਵਾਨੀ ਦੇ ਸਾਲਾਂ ਵਿੱਚ, ਅਸੀਂ ਇੱਕ ਗੀਤ ਗਾਉਂਦੇ ਸੀ, ਜਿਹੜੇ ਚਿੱਟੇ ਵਸਤਰ, ਸੁਨਹਿਰੀ ਤਾਜ, ਉਸਤਤ ਦੇ ਸਾਜ਼, ਉੱਚੇ ਘਰ, ਜਿੱਤ ਦੇ ਝੰਡੇ ਅਤੇ ਸਵਰਗ ਵਿੱਚ ਮੇਰੇ ਲਈ ਬਿਨਾਂ ਰੁਕੇ ਆਨੰਦ ਦੀ ਗੱਲ ਕਰਦਾ ਹੈ। ਸਾਡੇ ਵਿੱਚੋਂ ਹਰੇਕ ਦੇ ਕੋਲ ਸਵਰਗ ਵਿੱਚ ਇੱਕ ਸਾਜ਼ ਹੋਵੇਗਾ। ਇਸ ਸੰਸਾਰ ਵਿੱਚ, ਇਹ ਤਾੜੀ ਵਜਾਉਣ ਦਾ ਸਾਜ਼ ਹੋ ਸਕਦਾ ਹੈ, ਜਾਂ ਗਿਟਾਰ, ਜਾਂ ਇੱਕ ਡਫਲੀ ਹੋ ਸਕਦੀ ਹੈ। ਜਿਹੜੇ ਵੀ ਸਾਜ਼ ਹੋਣ, ਜਦੋਂ ਤੁਸੀਂ ਇਸ ਨੂੰ ਆਪਣੇ ਦਿਲ ਵਿੱਚ ਸ਼ੁਕਰਗੁਜ਼ਾਰੀ ਦੇ ਨਾਲ ਵਜਾਉਂਦੇ ਹੋ, ਤਾਂ ਸਾਰਾ ਸਵਰਗ ਇਸ ਦਾ ਆਨੰਦ ਲੈਂਦਾ ਹੈ। ਅਤੇ ਪ੍ਰਭੂ ਦੀ ਵਡਿਆਈ ਹੁੰਦੀ ਹੈ।
ਦਾਊਦ ਨੂੰ ਦੇਖੋ। ਉਸ ਨੇ ਆਪਣੇ ਘਰ ਵਿੱਚ ਉਸਤਤ ਕੀਤੀ। ਉਹ ਕਹਿੰਦਾ ਹੈ: “ਤੇਰੀਆਂ ਬਿਧੀਆਂ ਮੇਰੇ ਮੁਸਾਫ਼ਰੀ ਦੇ ਘਰ ਵਿੱਚ ਮੇਰੇ ਭਜਨ ਸਨ”(ਜ਼ਬੂਰਾਂ ਦੀ ਪੋਥੀ 119:54)। ਉਸਨੇ ਸੜਕਾਂ ਉੱਤੇ ਉਸਤਤ ਕੀਤੀ। ਜਦੋਂ ਯਹੋਵਾਹ ਦਾ ਸੰਦੂਕ ਯਰੂਸ਼ਲਮ ਵਿੱਚ ਆਇਆ, ਤਦ ਉਹ ਆਪਣੇ ਸਾਰੇ ਜ਼ੋਰ ਨਾਲ ਨੱਚਦਾ ਅਤੇ ਆਪਣੇ ਆਨੰਦ ਨਾਲ ਉੱਛਲਿਆ, ਅਤੇ ਇਸ ਗੱਲ ਦੀ ਚਿੰਤਾ ਨਾ ਕੀਤੀ ਕਿ ਉਹ ਸੜਕ ਤੇ ਹੈ (2 ਸਮੂਏਲ 6:14)। ਉਸ ਨੇ ਪ੍ਰਮੇਸ਼ਵਰ ਦੀ ਸਭਾ ਵਿੱਚ ਉਸਤਤ ਕੀਤੀ। “ਮੈਂ ਮਹਾਂ-ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ”(ਜ਼ਬੂਰਾਂ ਦੀ ਪੋਥੀ 35:18)। ਪਰਮੇਸ਼ੁਰ ਦੇ ਬੱਚਿਓ, ਤੁਸੀਂ ਵੀ ਦਾਊਦ ਦੀ ਤਰ੍ਹਾਂ ਪਰਮੇਸ਼ੁਰ ਦੀ ਉਸਤਤ ਕਰੋ ਅਤੇ ਉਸਦਾ ਆਦਰ ਕਰੋ।
ਅਭਿਆਸ ਕਰਨ ਲਈ – “ਹੇ ਯਹੋਵਾਹ, ਵਡਿਆਈ, ਸ਼ਕਤੀ, ਪਰਤਾਪ, ਫ਼ਤਹ ਅਤੇ ਮਹਿਮਾ ਤੇਰੀ ਹੀ ਹੈ, ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉੱਚੇ ਤੋਂ ਉੱਚਾ ਹੈਂ”(1 ਇਤਿਹਾਸ 29:11)।
