Appam - Punjabi

ਅਪ੍ਰੈਲ 01 – ਪਰਮੇਸ਼ੁਰ ਦੀ ਉਸਤਤ!

“ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ, ਅਤੇ ਇਹ ਯਹੋਵਾਹ ਨੂੰ ਬਲ਼ਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ”(ਜ਼ਬੂਰਾਂ ਦੀ ਪੋਥੀ 69:30:31)।

ਜ਼ਬੂਰਾਂ ਦਾ ਲਿਖਾਰੀ ਦਾਊਦ ਹਮੇਸ਼ਾ ਪਰਮੇਸ਼ੁਰ ਨੂੰ ਖੁਸ਼ ਕਰਨ ਦੇ ਲਈ ਬਹੁਤ ਉਤਸੁਕ ਸੀ। ਇਸ ਲਈ ਉਸਨੇ ਹਮੇਸ਼ਾ ਪ੍ਰਾਰਥਨਾ ਕੀਤੀ ਕਿ ਉਸ ਦੇ ਸਾਰੇ ਕੰਮ ਪ੍ਰਮੇਸ਼ਵਰ ਦੀ ਨਜ਼ਰ ਵਿੱਚ ਪ੍ਰਸੰਨ ਹੋਣ। ਅੰਤ ਵਿੱਚ, ਉਸਨੇ ਇਹ ਵੀ ਪਾਇਆ ਕਿ ‘ਉਸਤਤ’ ਉਹ ਹੀ ਹੈ ਜੋ ਪ੍ਰਮੇਸ਼ਵਰ ਨੂੰ ਸਭ ਤੋਂ ਵੱਧ ਪ੍ਰਸੰਨ ਕਰਦੀ ਹੈ।

ਪਰਮੇਸ਼ੁਰ ਨਾ ਤਾਂ ਚਾਂਦੀ ਜਾਂ ਸੋਨਾ ਦੀ, ਨਾ ਹੀ ਬਲੀਦਾਨ ਜਾਂ ਭੇਟ ਦੀ ਉਮੀਦ ਕਰਦਾ ਹੈ। ਉਹ ਸਿਰਫ਼ ਸ਼ੁਕਰਗੁਜ਼ਾਰ ਦਿਲਾਂ ਤੋਂ ਹੀ ਉਸਤਤ ਅਤੇ ਆਦਰ ਦੀ ਮੰਗ ਕਰਦਾ ਹੈ। ਉਹ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਉਸ ਦੀ ਉਸਤਤ ਕਰੀਏ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਤਾਕਤ ਨਾਲ ਉਸ ਦੀ ਆਰਾਧਨਾ ਕਰੀਏ।

ਉਸਤਤ ਦੇ ਵਿੱਚ ਵੀ ਪ੍ਰਮੇਸ਼ਵਰ ਵਾਸ ਕਰਦੇ ਹਨ। ਸਾਰਾ ਸਵਰਗ ਉਸਤਤ ਦੇ ਗੀਤਾਂ ਨਾਲ ਭਰ ਜਾਂਦਾ ਹੈ। ਅਤੇ ਬਿਨਾਂ ਰੁਕੇ, ਉੱਥੇ ਪਰਮੇਸ਼ੁਰ ਦੇ ਦੂਤ ਉਸਦੀ ਉਸਤਤ ਅਤੇ ਆਰਾਧਨਾ ਕਰਦੇ ਹਨ। ਕਰੂਬ ਅਤੇ ਸਰਾਫੀਮ ਉਸਦੀ ਆਰਾਧਨਾ ਕਰਦੇ ਹਨ। ਚਾਰ ਜੀਉਂਦੇ ਪ੍ਰਾਣੀ ਅਤੇ ਚੌਵੀ ਬਜ਼ੁਰਗ ਲਗਾਤਾਰ ਉਸ ਦੀ ਆਰਾਧਨਾ ਕਰਦੇ ਹਨ।

ਉਸਤਤਾਂ ਵਿੱਚ ਵੱਸਣ ਵਾਲੇ ਪ੍ਰਮੇਸ਼ਵਰ ਨੇ ਜੇਕਰ ਤੁਹਾਡੇ ਘਰਾਂ ਵਿੱਚ ਵੱਸਣਾ ਹੈ, ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਪੂਰੇ ਮਨ ਤੋਂ ਉਸਦੀ ਉਸਤਤ ਕਰੋ। ਜਦੋਂ ਦਾਊਦ ਨੂੰ ਪਤਾ ਲੱਗਾ ਕਿ ‘ਉਸਤਤ’ ਪਰਮੇਸ਼ੁਰ ਨੂੰ ਸਭ ਤੋਂ ਵੱਧ ਖੁਸ਼ ਕਰਦੀ ਹੈ, ਤਾਂ ਉਹ ਆਪਣੇ ਦਿਲ ਤੋਂ ਸਮਰਪਣ ਕਰਦਾ ਹੈ ਅਤੇ ਕਹਿੰਦਾ ਹੈ: “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ”(ਜ਼ਬੂਰਾਂ ਦੀ ਪੋਥੀ 34:1)।

ਉਸਤਤ ਪ੍ਰਮੇਸ਼ਵਰ ਦੁਆਰਾ ਯਰੀਹੋ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਨਸ਼ਟ ਕਰਨ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਇੱਕ ਸ਼ਕਤੀਸ਼ਾਲੀ ਹਥਿਆਰ ਸੀ। ਜੌਨ ਕੈਪਟਨ, ਇੱਕ ਪੁਰਾਤੱਤਵ-ਵਿਗਿਆਨੀ ਜਿਹੜਾ ਕਿ ਇੱਕ ਯਰੀਹੋ ਸਾਈਟ ਤੇ ਖੁਦਾਈ ਦਾ ਹਿੱਸਾ ਸੀ, ਉਸਨੇ ਪਾਇਆ ਕਿ ਇੱਥੇ ਦੋ ਕੰਧਾਂ ਸੀ। ਪਹਿਲੀ ਕੰਧ ਦੀ ਚੌੜਾਈ ਛੇ ਫੁੱਟ ਅਤੇ ਦੂਸਰੀ ਕੰਧ ਦੀ ਚੌੜਾਈ ਬਾਰਾਂ ਫੁੱਟ ਸੀ। ਕਲਪਨਾ ਕਰੋ ਕਿ ਉਹ ਕੰਧਾਂ ਕਿੰਨੀਆਂ ਮਜ਼ਬੂਤ ​​ਅਤੇ ਪੱਕੀਆਂ ਹੋਣੀਆਂ ਚਾਹੀਦੀਆਂ ਸੀ।

ਇਸਰਾਏਲੀਆਂ ਦੇ ਕੋਲ ਉਨ੍ਹਾਂ ਮਜ਼ਬੂਤ ​​ਕੰਧਾਂ ਨੂੰ ਨਸ਼ਟ ਕਰਨ ਦੇ ਲਈ ਕੋਈ ਬੰਬ ਨਹੀਂ ਸੀ। ਉਨ੍ਹਾਂ ਨੇ ਆਪਣੀ ਸਾਰੀ ਸ਼ਕਤੀ ਨਾਲ ਪਰਮੇਸ਼ੁਰ ਦੀ ਉਸਤਤ ਕੀਤੀ ਅਤੇ ਤੁਰ੍ਹੀਆਂ ਵਜਾਈਆਂ। ਅਤੇ ਪਰਮੇਸ਼ੁਰ ਦੀ ਸ਼ਕਤੀਸ਼ਾਲੀ ਹਜ਼ੂਰੀ ਹੇਠਾਂ ਆ ਗਈ ਅਤੇ ਉਹ ਚੌੜੀਆਂ ਕੰਧਾਂ ਜ਼ਮੀਨ ਉੱਤੇ ਡਿੱਗ ਪਈਆਂ। ਪ੍ਰਮੇਸ਼ਵਰ ਦੀ ਉਸਤਤ ਕਰਨ ਦੇ ਨਾਲ ਦੁਸ਼ਮਣ ਦੇ ਸਾਰੇ ਸ਼ਕਤੀਸ਼ਾਲੀ ਕਿਲੇ ਨਸ਼ਟ ਹੋ ਜਾਂਦੇ ਹਨ ਅਤੇ ਪ੍ਰਮੇਸ਼ਵਰ ਦੀ ਮਹਿਮਾ ਪ੍ਰਗਟ ਹੋ ਜਾਂਦੀ ਹੈ।

ਰਸੂਲ ਪੌਲੁਸ ਨੇ ਸਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਾਰੀਆਂ ਗੱਲਾਂ ਦੇ ਲਈ ਪਿਤਾ ਪਰਮੇਸ਼ੁਰ ਨੂੰ ਸਦਾ ਧੰਨਵਾਦ ਦੇਣ ਦੇ ਲਈ ਕਹਿੰਦਾ ਹੈ (ਅਫ਼ਸੀਆਂ 5:20)। ਜਿੱਥੇ ਕਿੱਤੇ ਵੀ ਤੁਹਾਡੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਧੰਨਵਾਦ ਕੀਤਾ ਜਾਂਦਾ ਹੈ, ਉੱਥੇ ਤੁਹਾਡੇ ਉੱਤੇ ਸ਼ੈਤਾਨ ਦਾ ਅਧਿਕਾਰ ਨਹੀਂ ਹੋਵੇਗਾ, ਅਤੇ ਹਨੇਰੇ ਦੀ ਸ਼ਕਤੀ ਜਿੱਤ ਨਹੀਂ ਸਕਦੀ ਹੈ। ਇਸ ਲਈ, ਪਰਮੇਸ਼ੁਰ ਦੇ ਬੱਚਿਓ, ਉਸਦੀ ਉਸਤਤ ਕਰੋ ਅਤੇ ਜੇਤੂ ਬਣੋ!

ਅਭਿਆਸ ਕਰਨ ਲਈ – “ਅਤੇ ਜੜ੍ਹ ਫੜ੍ਹ ਕੇ ਵਧਦੇ ਜਾਓ ਅਤੇ ਆਪਣੀ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ, ਧੰਨਵਾਦ ਬਹੁਤਾ ਕਰਦੇ ਜਾਓ”(ਕੁਲੁੱਸੀਆਂ 2:7)।

Leave A Comment

Your Comment
All comments are held for moderation.