Appam - Punjabi

ਜਨਵਰੀ 08 – ਨਵੀਂ ਜੀਭ!

“ਤਦ ਉਸ ਨੇ ਇਹ ਆਖ ਕੇ ਮੇਰੇ ਮੂੰਹ ਨੂੰ ਛੂਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੂਹਿਆ ਹੈ ਅਤੇ ਤੇਰੀ ਬਦੀ ਦੂਰ ਹੋਈ ਅਤੇ ਤੇਰਾ ਪਾਪ ਢੱਕਿਆ ਗਿਆ ਹੈ”(ਯਸਾਯਾਹ 6:7)।

ਸਾਡਾ ਪ੍ਰਮੇਸ਼ਵਰ ਉਹ ਹੈ ਜਿਹੜਾ ਸਭ ਕੁੱਝ ਨਵਾਂ ਬਣਾਉਂਦਾ ਹੈ। ਉਹ ਤੁਹਾਡੇ ਮੂੰਹ, ਜੀਭ ਅਤੇ ਤੁਹਾਡੇ ਬੁੱਲ੍ਹਾਂ ਨੂੰ ਨਵਾਂ ਬਣਾਉਂਦਾ ਹੈ। ਜਦੋਂ ਉਹ ਇਸਨੂੰ ਨਵਾਂ ਬਣਾਉਂਦਾ ਹੈ, ਤੁਸੀਂ ਉਸਦੀ ਸੇਵਕਾਈ ਕਰ ਸਕਦੇ ਹੋ ਅਤੇ ਉਸਦੀ ਮਹਿਮਾ ਦਾ ਉਚਾਰਨ ਕਰ ਸਕਦੇ ਹੋ, ਅਤੇ ਗੀਤਾਂ ਦੇ ਨਾਲ ਉਸਦੀ ਉਸਤਤ ਅਤੇ ਆਰਧਨਾ ਕਰ ਸਕਦੇ ਹੋ।

ਯਹੋਵਾਹ ਨੇ ਯਸਾਯਾਹ ਦੇ ਜੀਵਨ ਵਿੱਚ ਨਵੇਂ ਕੰਮ ਕਰਨ ਦਾ ਫ਼ੈਸਲਾ ਕੀਤਾ – ਉਸਨੂੰ ਇੱਕ ਸ਼ਕਤੀਸ਼ਾਲੀ ਅਤੇ ਅਦਭੁੱਤ ਨਬੀ ਦੇ ਰੂਪ ਵਿੱਚ ਉੱਚਾ ਕਰਨ ਦੇ ਲਈ। ਪਰੰਤੂ ਯਸਾਯਾਹ ਦੇ ਬੁੱਲ੍ਹ ਅਸ਼ੁੱਧਤਾ ਨਾਲ ਭਰੇ ਹੋਏ ਸੀ। ਇਸ ਲਈ ਮੁੱਖ ਨਬੀ ਦੇ ਰੂਪ ਵਿੱਚ ਉੱਚਾ ਕੀਤੇ ਜਾਣ ਤੋਂ ਪਹਿਲਾਂ ਉਸ ਦੇ ਮੂੰਹ ਅਤੇ ਬੁੱਲ੍ਹਾਂ ਨੂੰ ਛੂਹਣ ਦੀ ਜ਼ਰੂਰਤ ਸੀ। ਤਦ ਯਹੋਵਾਹ ਨੇ ਜਗਵੇਦੀ ਦੇ ਚਿਮਟੇ ਨਾਲ ਉਸਨੂੰ ਛੂਹਿਆ ਅਤੇ ਆਖਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੂਹਿਆ ਹੈ ਅਤੇ ਤੇਰੀ ਬਦੀ ਦੂਰ ਹੋਈ ਅਤੇ ਤੇਰਾ ਪਾਪ ਢੱਕਿਆ ਗਿਆ ਹੈ।”

ਜੇਕਰ ਪ੍ਰਭੂ ਨੇ ਮਨੁੱਖ ਦਾ ਇਸਤੇਮਾਲ ਕਰਨਾ ਹੈ, ਤਾਂ ਉਸ ਦੇ ਮੂੰਹ, ਜੀਭ ਅਤੇ ਬੁੱਲ੍ਹਾਂ ਨੂੰ ਨਵਾਂ ਕਰਨਾ ਚਾਹੀਦਾ ਹੈ। ਇਹ ਪ੍ਰਮੇਸ਼ਵਰ ਦੀ ਇੱਛਾ ਹੈ ਕਿ ਉਹ ਤੁਹਾਡੀ ਜੀਭ ਨੂੰ ਨਵਾਂ ਕਰੇ ਅਤੇ ਤੁਸੀਂ ਉਸ ਦੇ ਲਈ ਇੱਕ ਨਵਾਂ ਗੀਤ ਗਾਓ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ”(ਜ਼ਬੂਰਾਂ ਦੀ ਪਥੀ 149:1)।

ਰਾਜਾ ਦਾਊਦ ਦਾ ਤਜ਼ਰਬਾ ਕਿਵੇਂ ਦਾ ਸੀ? “ਉਸ ਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ। ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ, ਅਰਥਾਤ ਸਾਡੇ ਪਰਮੇਸ਼ੁਰ ਦੀ ਉਸਤਤ ਦਾ। ਬਹੁਤੇ ਵੇਖਣਗੇ ਅਤੇ ਡਰ ਜਾਣਗੇ, ਅਤੇ ਯਹੋਵਾਹ ਉੱਤੇ ਭਰੋਸਾ ਰੱਖਣਗੇ”(ਜ਼ਬੂਰਾਂ ਦੀ ਪੋਥੀ 40:2,3)। ਕਿਰਪਾ ਕਰਕੇ ਇਸ ਪਵਿੱਤਰ ਸ਼ਾਸਤਰ ਦੇ ਭਾਗ ਵਿੱਚ ਵਰਤੇ ਗਏ ਵਿਸ਼ੇਸ਼ ਸ਼ਬਦ ‘ਨਵੇਂ ਗੀਤ’ ਉੱਤੇ ਧਿਆਨ ਦਿਓ।

“ਹੋ ਸਕਦਾ ਹੈ ਕਿ ਤੁਹਾਡੀ ਜੀਭ ਨੇ ਫ਼ਿਲਮੀ ਗੀਤ ਜਾਂ ਗਾਣੇ ਸਿਰਫ਼ ਮਸਤੀ ਅਤੇ ਮਜ਼ਾਕ ਦੇ ਲਈ ਗਾਏ ਹੋਣ। ਪਰ ਇਸ ਤੋਂ ਬਾਅਦ ਤੁਸੀਂ ਨਵੇਂ ਗੀਤ ਗਾਓਂਗੇ। ਤੁਸੀਂ ਆਤਮਿਕ ਗੀਤ ਗਾਓਂਗੇ, ਅਤੇ ਗੈਰ ਭਾਸ਼ਾ ਵਿੱਚ ਉਸ ਦੀ ਉਸਤਤ ਕਰੋਂਗੇ ਅਤੇ ਅਨੰਦ ਹੋ ਜਾਓਗੇ। ਇਸ ਮਕਸਦ ਦੇ ਲਈ ਯਹੋਵਾਹ ਤੁਹਾਨੂੰ ਇੱਕ ਨਵੀਂ ਜੀਭ ਦੇ ਰਿਹਾ ਹੈ। ਹਾਂ, ਬੁੱਲ੍ਹਾਂ ਦੀ ਜਿਹੜੀ ਉਸਤਤ ਹੈ ਉਹ ਤੇਰੇ ਮੂੰਹੋਂ ਨਿਕਲੇਗੀ। ਤੁਸੀਂ ਦੁਨਿਆਵੀ ਜੀਵਨ ਅਤੇ ਸਦੀਪਕ ਕਾਲ ਦੋਨਾਂ ਵਿੱਚ ਪਰਮੇਸ਼ੁਰ ਦੀ ਵਡਿਆਈ ਕਰੋਂਗੇ।

ਰਸੂਲ ਪੌਲੁਸ ਨੇ ਅਫ਼ਸੀਆਂ ਨੂੰ ਲਿਖੀ ਆਪਣੀ ਪੱਤ੍ਰੀ ਵਿੱਚ ਇਸ ਤਰ੍ਹਾਂ ਲਿਖਿਆ: “ਅਤੇ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮਨ ਲਗਾ ਕੇ ਪ੍ਰਭੂ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ। ਅਤੇ ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਰਮੇਸ਼ੁਰ ਪਿਤਾ ਦਾ ਸਦਾ ਧੰਨਵਾਦ ਕਰੋ”(ਅਫ਼ਸੀਆਂ 5:19,20)।

ਪ੍ਰਮੇਸ਼ਵਰ ਦੇ ਬੱਚਿਓ, ਇਹ ਆਖ਼ਰੀ ਦਿਨ ਨਵੀ ਜੀਭ ਤੋਂ ਨਵੇਂ ਗੀਤ ਗਾਉਣ ਦੇ ਦਿਨ ਹਨ। ਜਦੋਂ ਅਸੀਂ ਹਵਾ ਵਿੱਚ ਪ੍ਰਭੂ ਨਾਲ ਮਿਲਦੇ ਹਾਂ, ਤਾਂ ਸਾਨੂੰ ਸੱਚਮੁੱਚ ਵਿੱਚ ਇੱਕ ਨਵੇਂ ਗੀਤ, ਨਵੀਂ ਉਸਤਤ ਅਤੇ ਸਾਡੇ ਦਿਲਾਂ ਵਿੱਚ ਨਵੀਂ ਖੁਸ਼ੀ ਦੇ ਨਾਲ ਉਸ ਨਾਲ ਮਿਲਣਾ ਚਾਹੀਦਾ ਹੈ।

ਅਭਿਆਸ ਕਰਨ ਲਈ – “ਧੰਨਵਾਦ ਕਰਦੇ ਹੋਏ ਉਹ ਦੀ ਹੈਕਲ ਦੇ ਫਾਟਕਾਂ ਦੇ ਅੰਦਰ, ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ ਵਿੱਚ ਆਓ, ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ”(ਜ਼ਬੂਰਾਂ ਦੀ ਪੋਥੀ 100:4)।

Leave A Comment

Your Comment
All comments are held for moderation.