Appam - Punjabi

ਜੁਲਾਈ 28 – ਆਤਮਾ ਵਿੱਚ ਗ਼ਰੀਬ!

“ਉਹ ਧੰਨ ਹਨ ਜਿਹੜੇ ਦਿਲ ਦੇ ਗ਼ਰੀਬ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ”(ਮੱਤੀ ਦੀ ਇੰਜੀਲ 5:3)।

ਇਹ ਇੱਕ ਬਹੁਤ ਵੱਡੀ ਬਰਕਤ ਹੈ ਕਿ ਅਸੀਂ ਆਤਮਾ ਵਿੱਚ ਗਰੀਬ ਹੋ ਕੇ, ਸਵਰਗ ਦੇ ਰਾਜ ਦੇ ਵਾਰਸ ਹੋ ਸਕਦੇ ਹਾਂ। ਲੂਕਾ ਦੀ ਇੰਜੀਲ, ਅਧਿਆਏ 18 ਵਿੱਚ, ਅਸੀਂ ਦੋ ਆਦਮੀਆਂ ਦੇ ਬਾਰੇ ਪੜ੍ਹਦੇ ਹਾਂ ਜਿਹੜੇ ਹੈਕਲ ਵਿੱਚ ਪ੍ਰਾਰਥਨਾ ਕਰਨ ਗਏ ਸਨ, ਇੱਕ ਫ਼ਰੀਸੀ ਅਤੇ ਇੱਕ ਚੂੰਗੀ ਲੈਣ ਵਾਲਾ। ਫ਼ਰੀਸੀ ਦਾ ਸਮਾਜਿਕ ਰੁਤਬਾ ਉੱਚਾ ਸੀ ਅਤੇ ਉਸ ਨੂੰ ਧਰਮੀ ਅਤੇ ਧਾਰਮਿਕ ਮੰਨਿਆ ਜਾਂਦਾ ਸੀ। ਜਦੋਂ ਕਿ ਚੂੰਗੀ ਇਕੱਠਾ ਕਰਨ ਵਾਲੇ ਰੋਮਨ ਸਰਕਾਰ ਦੇ ਲਈ ਲੋਕਾਂ ਤੋਂ ਚੂੰਗੀ ਦਾ ਹਿਸਾਬ ਲੈ ਰਹੇ ਸੀ, ਅਤੇ ਉਨ੍ਹਾਂ ਨੂੰ ਪਾਪੀ ਅਤੇ ਤੁੱਛ ਮੰਨਿਆ ਜਾਂਦਾ ਸੀ।

ਫ਼ਰੀਸੀ ਨੇ ਖੜ੍ਹੇ ਹੋ ਕੇ ਆਪਣੀ ਧਾਰਮਿਕਤਾ, ਹਫ਼ਤੇ ਵਿੱਚ ਦੋ ਦਿਨ ਵਰਤ ਰੱਖਣ ਅਤੇ ਦਸਵੰਧ ਦੇ ਬਾਰੇ ਵਿੱਚ ਪ੍ਰਾਰਥਨਾ ਕੀਤੀ। ਉਸਦੀ ਪ੍ਰਾਰਥਨਾ ਸਵੈ-ਧਰਮ ਅਤੇ ਹੰਕਾਰ ਨਾਲ ਭਰੀ ਹੋਈ ਸੀ। ਉਸ ਦੀ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਉਸ ਕੋਲ ਨਿਮਰਤਾ ਦਾ ਕੋਈ ਨਿਸ਼ਾਨ ਵੀ ਨਹੀਂ ਸੀ ਜਿਸ ਦੀ ਪ੍ਰਭੂ ਸਾਡੇ ਤੋਂ ਉਮੀਦ ਕਰਦੇ ਹਨ। ਪਰ ਉਸ ਚੂੰਗੀ ਲੈਣ ਵਾਲੇ ਨੇ ਕੁੱਝ ਦੂਰ ਖੜ੍ਹੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਅਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ! ਮੈਂ ਪਾਪੀ ਹਾਂ। ਮੇਰੇ ਉੱਤੇ ਦਯਾ ਕਰ! ਉਸਦੀ ਨਿਮਰਤਾ ਦੇ ਕਾਰਨ, ਇਸ ਆਦਮੀ ਨੂੰ ਪ੍ਰਭੂ ਦੁਆਰਾ ਧਰਮੀ ਠਹਿਰਾ ਕੇ ਘਰ ਵਾਪਸ ਭੇਜ ਦਿੱਤਾ ਗਿਆ।

ਸਵਰਗ ਦਾ ਸਾਰਾ ਰਾਜ ਅਤੇ ਮੁਬਾਰਕ ਸਦੀਪਕ ਜੀਵਨ ਨੂੰ ਤੁਹਾਡੇ ਸਾਹਮਣੇ ਰੱਖ ਕੇ ਨਿਮਰਤਾ ਦੇ ਮਹੱਤਵ ਨੂੰ ਦੁਹਰਾਉਣ ਵਾਲੇ ਪ੍ਰਭੂ। ਉਹ ਸਾਨੂੰ ਸਵਰਗੀ ਰਾਜ ਦੀਆਂ ਖੁਸ਼ੀਆਂ, ਜੀਵਨ ਦੇਣ ਵਾਲੇ ਫਲ ਅਤੇ ਜੀਵਨ ਦਾ ਤਾਜ ਦਿਖਾਉਂਦਾ ਹੈ। ਉਹ ਤੁਹਾਨੂੰ ਕਹਿੰਦਾ ਹੈ: ‘ਮੇਰੇ ਪੁੱਤਰ, ਮੇਰੀ ਧੀ, ਜੇਕਰ ਤੁਸੀਂ ਇੱਕ ਗਰੀਬ ਆਤਮਾ ਦੇ ਨਾਲ ਇੱਕ ਅਧੀਨ ਜੀਵਨ ਜੀਉਂਦੇ ਹੋ, ਤਾਂ ਸਵਰਗ ਦਾ ਸਾਰਾ ਰਾਜ ਤੁਹਾਡਾ ਹੋਵੇਗਾ’। ਜੇਕਰ ਅਸੀਂ ਇਸ ਸੰਸਾਰ ਵਿੱਚ ਬਿਤਾਉਣ ਵਾਲੇ ਥੋੜ੍ਹੇ ਸਮੇਂ ਦੇ ਲਈ ਨਿਮਰਤਾ ਦੀ ਜ਼ਿੰਦਗੀ ਜੀਉਂਦੇ ਹਾਂ, ਤਾਂ ਤੁਸੀਂ ਅਨੰਤ ਕਾਲ ਦੇ ਲਈ ਭਰਪੂਰ ਬਰਕਤਾਂ ਦਾ ਆਨੰਦ ਮਾਣ ਸਕਦੇ ਹੋ। ਜਦੋਂ ਤੁਸੀਂ ਪ੍ਰਭੂ ਦੇ ਸਾਹਮਣੇ ਆਪਣੇ ਆਪ ਨੂੰ ਨੀਵੇਂ ਕਰੋਂਗੇ, ਤਾਂ ਉਹ ਤੁਹਾਨੂੰ ਉੱਚਾ ਕਰੇਗਾ (ਯਾਕੂਬ ਦੀ ਪੱਤ੍ਰੀ 4:10)।

ਤੁਸੀਂ ਸੋਚ ਸਕਦੇ ਹੋ, ਕਿ ਸਵਰਗ ਦੇ ਰਾਜ ਵਿੱਚ ਦਾਖ਼ਲ ਹੋਣ ਦੇ ਲਈ, ਤੁਹਾਨੂੰ ਭਲਿਆਈ ਦੇ ਕੰਮ ਕਰਨੇ ਚਾਹੀਦੇ ਹਨ, ਚੰਗੇ ਬਣਨਾ ਚਾਹੀਦਾ ਹੈ ਅਤੇ ਵਰਤ ਰੱਖਣੇ ਚਾਹੀਦੇ ਹਨ। ਹਾਲਾਂਕਿ ਇਹ ਸੱਚ ਹੋ ਸਕਦਾ ਹੈ, ਸਵਰਗ ਦੇ ਰਾਜ ਨੂੰ ਖੋਲ੍ਹਣ ਦੀ ਪਹਿਲੀ ਕੁੰਜੀ ਆਤਮਾ ਵਿੱਚ ਗਰੀਬ ਹੋਣਾ ਹੈ। ਸਾਡਾ ਪ੍ਰਭੂ ਯਿਸੂ ਇਹ ਵੀ ਕਹਿੰਦਾ ਹੈ, ਜੋ ਕੋਈ ਵੀ ਆਪਣੇ ਆਪ ਨੂੰ ਇਸ ਬਾਲਕ ਦੀ ਤਰ੍ਹਾਂ ਛੋਟਾ ਸਮਝੇ, ਉਹ ਸਵਰਗ ਰਾਜ ਵਿੱਚ ਵੱਡਾ ਹੈ”(ਮੱਤੀ ਦੀ ਇੰਜੀਲ 18:4)।

ਹੋ ਸਕਦਾ ਹੈ ਕਿ ਇਹ ਸਮਾਜ ਹਲੀਮ ਲੋਕਾਂ ਦਾ ਮਜ਼ਾਕ ਉਡਾਵੇ, ਪਰ ਯਕੀਨ ਰੱਖੋ ਕਿ ਸਵਰਗ ਦਾ ਰਾਜ ਤੁਹਾਡਾ ਹੈ। ਯਾਦ ਰੱਖੋ ਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ”(ਯਾਕੂਬ ਦੀ ਪੱਤ੍ਰੀ 4:6)।

ਅਭਿਆਸ ਕਰਨ ਲਈ – “ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ”(ਫਿਲਿੱਪੀਆਂ 2:9,10)।

Leave A Comment

Your Comment
All comments are held for moderation.