Appam - Punjabi

ਜੁਲਾਈ 04 – ਇੱਕ ਜਿਹੜਾ ਪਿਆਸਾ ਹੈ!

“ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਆਖੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ”(ਪ੍ਰਕਾਸ਼ ਦੀ ਪੋਥੀ 22:17)।

ਬਾਈਬਲ ਦੀ ਆਖ਼ਰੀ ਕਿਤਾਬ ਦੇ ਆਖ਼ਰੀ ਅਧਿਆਇ ਵਿੱਚ, ਸਾਡੇ ਕੋਲ ਆਤਮਾ ਅਤੇ ਲਾੜੀ ਦੇ ਵੱਲੋਂ ਇਹ ਪਿਆਰ ਭਰਿਆ ਸੱਦਾ ਹੈ। ਅਸਲ ਵਿੱਚ, ਪੁਰਾਣੇ ਨੇਮ ਦੇ ਸੰਤ, ਨਵੇਂ ਨੇਮ ਦੇ ਸੰਤ, ਚਾਰ ਜੀਵਤ ਪ੍ਰਾਣੀ, ਚੌਵੀ ਬਜ਼ੁਰਗ, ਅਤੇ ਪ੍ਰਮੇਸ਼ਵਰ ਦੇ ਲੱਖਾਂ ਸਵਰਗ ਦੂਤ ਸਾਨੂੰ ਨਿੱਘਾ ਸੱਦਾ ਦੇ ਰਹੇ ਹਨ। ਉਹ ਪਿਤਾ ਪ੍ਰਮੇਸ਼ਵਰ ਦੇ ਮੁਬਾਰਕ ਲੋਕਾਂ ਨੂੰ ਸਦੀਪਕ ਅਨੰਦ ਵਿੱਚ ਸੱਦਾ ਦੇ ਰਹੇ ਹਨ।

ਇਹ ਜਾਣਨਾ ਕਿੰਨਾ ਅਦਭੁੱਤ ਹੈ ਕਿ ਪਵਿੱਤਰ ਸ਼ਾਸਤਰ ਅਜਿਹੇ ਸੱਦੇ ਦੇ ਨਾਲ ਸਮਾਪਤ ਹੋ ਰਿਹਾ ਹੈ! ਉਤਪਤ ਦੀ ਕਿਤਾਬ ਅਤੇ ਪਰਕਾਸ਼ ਦੀ ਪੋਥੀ ਵਿੱਚ ਕਿੰਨਾ ਵੱਡਾ ਅੰਤਰ ਹੈ! ਉਤਪਤ ਵਿੱਚ, ਅਸੀਂ ਪੜ੍ਹਦੇ ਹਾਂ ਕਿ ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ ਸੀ, ਅਤੇ ਉਹਨਾਂ ਨੂੰ ਦਾਖ਼ਲ ਹੋਣ ਤੋਂ ਬਚਾਉਣ ਲਈ ਇੱਕ ਬਲਦੀ ਹੋਈ ਤਲਵਾਰ ਵੀ ਰੱਖੀ ਗਈ ਸੀ। ਇਸ ਤਰ੍ਹਾਂ ਉਨ੍ਹਾਂ ਨੇ ਪਰਮੇਸ਼ੁਰ ਦੇ ਨਾਲ ਆਪਣੀ ਸੰਗਤੀ ਅਤੇ ਪਰਮੇਸ਼ੁਰ ਦੀ ਮਹਿਮਾ ਨੂੰ ਗੁਆ ਦਿੱਤਾ। ਮਨੁੱਖਜਾਤੀ ਦਾ ਦੁੱਖ ਭਰਿਆ ਇਤਿਹਾਸ ਜੋ ‘ਚਲੇ ਜਾਣ’ ਦੇ ਹੁਕਮ ਦੇ ਨਾਲ ਸ਼ੁਰੂ ਹੋਇਆ ਸੀ, ਪਵਿੱਤਰ ਸ਼ਾਸਤਰ ਦੇ ਅੰਤ ਵਿੱਚ ‘ਆਉਣ’ ਦੇ ਖੁਸ਼ਹਾਲ ਸੱਦੇ ਦੇ ਨਾਲ ਸਮਾਪਤ ਹੋ ਰਿਹਾ ਹੈ। ਪਰ ਇਸ ਤਰ੍ਹਾਂ ਦੇ ਬਦਲਾਅ ਦੇ ਪਿੱਛੇ ਕੀ ਕਾਰਨ ਹੈ?

ਸਾਡੇ ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਉਤਰੇ, ਤਾਂ ਜੋ ਮਨੁੱਖ ਦੁਆਰਾ ਗੁਆ ਦਿੱਤੀ ਗਈ ਪਰਮੇਸ਼ੁਰ ਦੇ ਨਾਲ ਸੰਗਤੀ ਨੂੰ ਮੁੜ ਤੋਂ ਸਥਾਪਿਤ ਕੀਤਾ ਜਾ ਸਕੇ, ਉਸਨੇ ਇਹ ਕਹਿੰਦੇ ਹੋਏ ਪਿਆਰ ਭਰਿਆ ਸੱਦਾ ਦਿੱਤਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”(ਮੱਤੀ ਦੀ ਇੰਜੀਲ 11:28)। ਉਸ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਉਸ ਕੋਲ ਆਉਣ ਵਾਲਿਆਂ ਨੂੰ ਕਦੇ ਨਹੀਂ ਛੱਡੇਗਾ। ਇੱਥੋਂ ਤੱਕ ਕਿ ਜਦੋਂ ਉਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਤਦ ਵੀ ਉਸਨੇ ਆਪਣੇ ਦੋਵੇਂ ਹੱਥਾਂ ਨੂੰ ਫੈਲਾ ਕੇ ਆਪਣੀ ਜਾਨ ਦੇ ਦਿੱਤੀ, ਜਿਵੇਂ ਕਿ ਗਲੇ ਲਗਾਉਣ ਅਤੇ ਬੁਲਾਉਣ ਦੇ ਲਈ। ਇਸ ਲਈ ਸਾਰਾ ਸਵਰਗ, ਆਤਮਾ ਅਤੇ ਲਾੜੀ ਵੀ ਸਾਨੂੰ ਸੱਦਾ ਦੇ ਰਹੇ ਹਨ।

ਸਵਰਗ ਤੋਂ ਸੱਦਾ ਸਿਰਫ਼ ਉਹਨਾਂ ਦੇ ਲਈ ਹੈ ਜਿਹੜੇ ਪ੍ਰਭੂ ਨੂੰ ਲੱਭਦੇ ਹਨ ਅਤੇ ਉਸਦੇ ਲਈ ਪਿਆਸੇ ਹਨ। ਜਦੋਂ ਤੁਸੀਂ ਪੂਰੇ ਪਵਿੱਤਰ ਸ਼ਾਸਤਰ ਨੂੰ ਪੜ੍ਹੋਗੇ, ਤਾਂ ਤੁਸੀਂ ਦੇਖੋਂਗੇ ਕਿ ਪ੍ਰਭੂ ਦੇ ਪਿਆਸੇ ਲੋਕਾਂ ਉੱਤੇ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਗਈਆਂ ਹਨ। ਯਾਕੂਬ ਉੱਤੇ ਬਰਕਤਾਂ ਦਾ ਕਾਰਨ ਕੀ ਹੈ ਜਦੋਂ ਕਿ ਏਸਾਓ ਨੂੰ ਬਰਕਤਾਂ ਤੋਂ ਵਾਂਝਾ ਕੀਤਾ ਗਿਆ ਸੀ? ਅਜਿਹਾ ਇਸ ਲਈ ਸੀ ਕਿਉਂਕਿ ਯਾਕੂਬ ਪਿਆਸਾ ਸੀ ਅਤੇ ਯਹੋਵਾਹ ਨੂੰ ਲੱਭਦਾ ਸੀ। ਉਸਨੇ ਪਹਿਲਾਂ ਪਹਿਲੌਠੇ ਹੋਣ ਦਾ ਅਧਿਕਾਰ ਅਤੇ ਆਪਣੇ ਪਿਤਾ ਤੋਂ ਬਰਕਤ ਮੰਗੀ। ਪਰ ਏਸਾਓ ਵਿੱਚ ਉਹ ਇੱਛਾ ਨਹੀਂ ਸੀ।

“ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ। ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵਾਂ?”(ਜ਼ਬੂਰਾਂ ਦੀ ਪੋਥੀ 42:1,2)। ਪਰਮੇਸ਼ੁਰ ਦੇ ਬੱਚਿਓ, ਜੇਕਰ ਤੁਹਾਡੇ ਦਿਲ ਵਿੱਚ ਅਜਿਹੀ ਲਾਲਸਾ ਹੈ, ਤਾਂ ਯਹੋਵਾਹ ਜ਼ਰੂਰ ਹੀ ਤੁਹਾਡੀ ਪਿਆਸ ਮਿਟਾ ਦੇਵੇਗਾ, ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਨੂੰ ਉੱਚਾ ਕਰੇਗਾ।

ਅਭਿਆਸ ਕਰਨ ਲਈ – “ਆਓ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਸ ਦੇ ਕੋਲ ਚਾਂਦੀ ਨਹੀਂ, ਤੁਸੀਂ ਵੀ ਆਓ, ਲੈ ਲਓ ਅਤੇ ਖਾਓ, ਆਓ, ਬਿਨ੍ਹਾਂ ਚਾਂਦੀ, ਬਿਨ੍ਹਾਂ ਮੁੱਲ ਮਧ ਤੇ ਦੁੱਧ ਲੈ ਲਓ!”(ਯਸਾਯਾਹ 55:1)।

Leave A Comment

Your Comment
All comments are held for moderation.