Appam - Punjabi

ਮਈ 03 – ਉੱਤਮ ਬਲੀਦਾਨ!

“ਵਿਸ਼ਵਾਸ ਨਾਲ ਹੀ ਹਾਬਲ ਨੇ ਪਰਮੇਸ਼ੁਰ ਦੇ ਅੱਗੇ ਕਾਇਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ, ਜਿਸ ਕਰਕੇ ਇਹ ਗਵਾਹੀ ਦਿੱਤੀ ਗਈ ਕਿ ਉਹ ਧਰਮੀ ਹੈ”(ਇਬਰਾਨੀਆਂ 11:4)।

ਕਿਉਂਕਿ ਹਾਬਲ ਦਾ ਬਲੀਦਾਨ ਪਰਮੇਸ਼ੁਰ ਦੀ ਨਜ਼ਰ ਵਿੱਚ ਸਵੀਕਾਰ ਕਰਨ ਯੋਗ ਅਤੇ ਮਨ ਨੂੰ ਭਾਉਣ ਵਾਲਾ ਸੀ, ਇਸ ਲਈ ਉਸ ਨੇ ਪਰਮੇਸ਼ੁਰ ਅੱਗੇ ਗਵਾਹੀ ਦਿੱਤੀ ਕਿ ਉਹ ਧਰਮੀ ਸੀ। ਅਤੇ ਉਸਦੇ ਉੱਤਮ ਬਲੀਦਾਨ ਦੇ ਕਾਰਨ ਅੱਜ ਵੀ ਉਸਦਾ ਸਤਿਕਾਰ ਕੀਤਾ ਜਾਂਦਾ ਹੈ।

ਕਾਇਨ ਅਤੇ ਹਾਬਲ ਦੋਵੇਂ ਆਦਮ ਦੇ ਪੁੱਤਰ ਸੀ। ਜਦੋਂ ਕਾਇਨ ਨੇ ਖੇਤੀ ਕਰਨੀ ਸ਼ੁਰੂ ਕੀਤੀ, ਤਦ ਹਾਬਲ ਭੇਡਾਂ ਦੀ ਦੇਖਭਾਲ ਕਰ ਰਿਹਾ ਸੀ। ਉਨ੍ਹਾਂ ਦੋਨਾਂ ਦੇ ਮਨ ਵਿੱਚ ਯਹੋਵਾਹ ਨੂੰ ਭੇਟ ਚੜ੍ਹਾਉਣ ਦੀ ਲਾਲਸਾ ਸੀ, ਅਤੇ ਉਹ ਜੋ ਕੁੱਝ ਵੀ ਉੱਤਮ ਯਹੋਵਾਹ ਨੂੰ ਦੇ ਸਕਦੇ ਸੀ, ਲੈ ਆਏ। ਪਰ ਇੱਕ ਦੀ ਭੇਟ ਦੂਸਰੇ ਨਾਲੋਂ ਉੱਤਮ ਪਾਈ ਗਈ, ਅਤੇ ਯਹੋਵਾਹ ਨੇ ਉਸ ਨੂੰ ਸਵੀਕਾਰ ਕਰ ਲਿਆ, ਅਤੇ ਦੂਸਰੇ ਦੀ ਭੇਟ ਨੂੰ ਸਵੀਕਾਰ ਨਹੀਂ ਕੀਤਾ। ਜਦੋਂ ਤੁਸੀਂ ਇਸ ਘਟਨਾ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਅਜਿਹਾ ਵੀ ਲੱਗ ਸਕਦਾ ਹੈ ਕਿ ਪ੍ਰਭੂ ਤਰਫ਼ਦਾਰ ਅਤੇ ਪੱਖਪਾਤੀ ਹੈ।

ਪਰ ਜਦੋਂ ਤੁਸੀਂ ਧਿਆਨ ਨਾਲ ਦੇਖੋਂਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਾਬਲ ਦੇ ਦਿਲ ਵਿੱਚ ਵਿਸ਼ਵਾਸ ਦਾ ਇਹ ਹੀ ਕਾਰਨ ਸੀ ਕਿ ਉਸ ਦੀ ਭੇਟ ਨੂੰ ਉੱਤਮ ਮੰਨਿਆ ਜਾਂਦਾ ਸੀ। ਆਪਣੇ ਵਿਸ਼ਵਾਸ ਦਾ ਇਸਤੇਮਾਲ ਕਰਕੇ, ਉਹ ਇਹ ਸਮਝਣ ਦੇ ਯੋਗ ਸੀ ਕਿ ਕਿਸ ਪ੍ਰਕਾਰ ਦੀ ਭੇਟ ਪ੍ਰਭੂ ਨੂੰ ਖੁਸ਼ ਕਰੇਗੀ, ਅਤੇ ਉਸ ਦੇ ਅਨੁਸਾਰ ਕੰਮ ਕੀਤਾ। ਤੁਸੀਂ ਵੀ, ਜਦੋਂ ਯਹੋਵਾਹ ਨੂੰ ਭੇਟ ਚੜ੍ਹਾਉਂਦੇ ਹੋ, ਤਾਂ ਇਸ ਵਿੱਚ ਸਪੱਸ਼ਟ ਹੋਵੋ ਕਿ ਤੁਹਾਨੂੰ ਸਿਰਫ਼ ਸਭ ਤੋਂ ਉੱਤਮ ਭੇਟ ਦੇਣੀ ਚਾਹੀਦੀ ਹੈ ਜਿਹੜੀ ਯਹੋਵਾਹ ਨੂੰ ਸਭ ਤੋਂ ਵੱਧ ਖੁਸ਼ ਕਰੇਗੀ। ਵਿਸ਼ਵਾਸ ਦੇ ਦੁਆਰਾ, ਪ੍ਰਭੂ ਨੂੰ ਸਭ ਤੋਂ ਉੱਤਮ ਅਤੇ ਸੰਪੂਰਨ ਬਲੀਦਾਨ ਚੜ੍ਹਾਓ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਹ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਇਹ ਕਿ ਉਹ ਉਹਨਾਂ ਨੂੰ ਜਿਹੜੇ ਪੂਰੇ ਮਨ ਨਾਲ ਉਸ ਨੂੰ ਖੋਜਦੇ ਹਨ ਫਲ ਦੇਣ ਵਾਲਾ ਹੈ”(ਇਬਰਾਨੀਆਂ 11:6)।

ਹਾਬਲ ਨੇ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ, ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਕਿਹੜੀ ਕੁਰਬਾਨੀ ਹੋਵੇਗੀ ਜਿਸ ਨਾਲ ਪਰਮੇਸ਼ੁਰ ਸਭ ਤੋਂ ਵੱਧ ਪ੍ਰਸੰਨ ਹੋਵੇਗਾ। ਅਤੇ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਨ ਦੇ ਆਪਣੇ ਗੰਭੀਰ ਯਤਨਾਂ ਦੇ ਕਾਰਨ, ਉਸਦੇ ਕੋਲ ਇੱਕ ਮਹਾਨ ਪ੍ਰਕਾਸ਼ਨ ਸੀ। ਉਹ ਭਵਿੱਖਬਾਣੀ ਤੋਂ ਜਾਣਦਾ ਸੀ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਲੇਲਾ ਹੋਵੇਗਾ, ਜਿਹੜਾ ਆਪਣੇ ਆਪ ਨੂੰ ਸਾਰੇ ਸੰਸਾਰ ਦੇ ਪਾਪਾਂ ਦੇ ਲਈ ਜਿਉਂਦੇ ਬਲੀਦਾਨ ਦੇ ਰੂਪ ਵਿੱਚ ਕੁਰਬਾਨ ਕਰੇਗਾ, ਅਤੇ ਉਹ ਆਪਣਾ ਮੂੰਹ ਨਹੀਂ ਖੋਲ੍ਹੇਗਾ, ਜਿਵੇਂ ਲੇਲਾ ਉਸਦੇ ਕਤਰਣ ਵਾਲਿਆਂ ਅੱਗੇ। ਜਦੋਂ ਹਾਬਲ ਇਹ ਸਭ ਦੇਖ ਸਕਿਆ, ਤਦ ਵਿਸ਼ਵਾਸ ਦੀਆਂ ਅੱਖਾਂ ਨਾਲ ਉਹ ਇੱਕ ਭੇਡ ਦਾ ਬੱਚਾ ਬਲੀ ਦੇ ਰੂਪ ਵਿੱਚ ਲੈ ਆਇਆ। ਅਤੇ ਯਹੋਵਾਹ ਬਹੁਤ ਪ੍ਰਸੰਨ ਹੋਇਆ।

ਨਵੇਂ ਨੇਮ ਦੇ ਸਮੇਂ ਵਿੱਚ, ਇੱਕ ਹੋਰ ਉੱਤਮ ਭੇਟ ਹੈ ਜੋ ਤੁਹਾਨੂੰ ਪ੍ਰਭੂ ਨੂੰ ਦੇਣ ਦੀ ਜ਼ਰੂਰਤ ਹੈ। ਧਿਆਨ ਕਰੋ ਕਿ ਅਜਿਹੀ ਭੇਟ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ। “ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ”(ਰੋਮੀਆਂ 12:1)।

ਅਭਿਆਸ ਕਰਨ ਲਈ – “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ”(ਜ਼ਬੂਰਾਂ ਦੀ ਪੋਥੀ 51:17)।

Leave A Comment

Your Comment
All comments are held for moderation.