No products in the cart.
ਨਵੰਬਰ 14 – ਕੀ ਤੁਸੀਂ ਪਿਆਸੇ ਹੋ!
“ਅਤੇ ਉਸ ਨੇ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ, ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ”(ਪ੍ਰਕਾਸ਼ ਦੀ ਪੋਥੀ 21:6)।
ਪ੍ਰਮੇਸ਼ਵਰ ਦੀਆਂ ਉੱਤਮ ਬਰਕਤਾਂ ਸਿਰਫ਼ ਉਹਨਾਂ ਨੂੰ ਹੀ ਮਿਲਦੀਆਂ ਹਨ ਜਿਹੜੇ ਜਿਉਂਦੇ ਪ੍ਰਮੇਸ਼ਵਰ ਦੇ ਲਈ ਪਿਆਸੇ ਹਨ। ਯਹੋਵਾਹ ਪਿਆਸੇ ਨੂੰ ਆਪਣੇ ਆਪ ਦੇ ਲਈ ਬੁਲਾਉਂਦਾ ਹੈ। ਜੇਕਰ ਤੁਸੀਂ ਆਤਮਿਕ ਵਿਸ਼ਿਆਂ ਵਿੱਚ ਅਤੇ ਆਤਮਾ ਦੇ ਮਾਮਲਿਆਂ ਵਿੱਚ ਪਿਆਸੇ ਹੋ, ਤਾਂ ਪ੍ਰਭੂ ਤੁਹਾਡੀ ਪਿਆਸ ਨੂੰ ਬੁਝਾ ਦੇਣਗੇ। ਪਿਆਸ ਇੱਕ ਭੌਤਿਕ ਅਰਥ ਵਿੱਚ ਹੋ ਸਕਦੀ ਹੈ ਜਾਂ ਸੰਸਾਰ ਦੇ ਅਸਥਾਈ ਅਤੇ ਪਾਪੀ ਸੁੱਖਾਂ ਉੱਤੇ ਹੋ ਸਕਦੀ ਹੈ ਜਾਂ ਇਹ ਆਤਮਿਕ ਪਿਆਸ ਹੋ ਸਕਦੀ ਹੈ।
ਅੱਜ, ਅਣਜਾਣ ਕਾਰਨਾਂ ਦੇ ਕਰਕੇ, ਲੋਕ ਧਨ ਅਤੇ ਪ੍ਰਸਿੱਧੀ ਦੇ ਪਿੱਛੇ ਭੱਜਦੇ ਹਨ! ਬਹੁਤ ਸਾਰਾ ਧਨ ਇਕੱਠਾ ਕਰ ਕੇ ਵੀ ਸੰਤੁਸ਼ਟ ਨਹੀਂ ਹੁੰਦੇ ਹਨ। ਦੁਨੀਆਂ ਦੀਆਂ ਲਾਲਸਾਵਾਂ ਦੇ ਲਈ ਬਹੁਤ ਸਾਰੇ ਨੌਜਵਾਨਾਂ ਦੀ ਪਿਆਸ ਵਿਭਚਾਰ ਅਤੇ ਹਰਾਮਕਾਰੀ, ਅਤੇ ਨਸ਼ਾ ਹੁੰਦੀ ਹੈ। ਮਨੁੱਖ ਦਾ ਹਿਰਦਾ ਪਿਆਸ ਨਾਲ ਭਰਿਆ ਹੋਇਆ ਹੈ, ਅਤੇ ਜਿਹੜੇ ਆਤਮਿਕ ਪਿਆਸ ਦੀ ਮਹਾਨਤਾ ਨੂੰ ਨਹੀਂ ਜਾਣਦੇ, ਉਹ ਵਾਸ਼ਨਾ ਦੇ ਪਿੱਛੇ ਭਟਕਦੇ ਹਨ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ।
ਪਰ ਅਸੀਂ ਰਾਜਾ ਦਾਊਦ ਦੀ ਪਿਆਸ ਦੇਖ ਕੇ ਬਹੁਤ ਹੈਰਾਨ ਹੁੰਦੇ ਹਾਂ। ਉਹ ਕਹਿੰਦਾ ਹੈ; “ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ। ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵਾਂ?”(ਜ਼ਬੂਰਾਂ ਦੀ ਪੋਥੀ 42:1,2)। ਫਿਰ ਤੋਂ, ਉਹ ਇੱਕ ਡੂੰਘੀ ਤਾਂਘ ਨਾਲ ਕਹਿੰਦਾ ਹੈ: “ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ”(ਜ਼ਬੂਰਾਂ ਦੀ ਪੋਥੀ 63:1)।
ਪ੍ਰਭੂ ਆਪਣੀ ਹਜ਼ੂਰੀ ਅਤੇ ਮਹਿਮਾ ਨਾਲ ਪਿਆਸੇ ਲੋਕਾਂ ਨੂੰ ਭਰ ਦਿੰਦਾ ਹੈ। ਸਵਰਗੀ ਨਦੀ; ਪਵਿੱਤਰ ਆਤਮਾ ਵੀ ਸਿਰਫ਼ ਪਿਆਸੇ ਲੋਕਾਂ ਦੇ ਵੱਲ ਤੇਜ਼ੀ ਨਾਲ ਵਹਿੰਦੀ ਹੈ, ਅਤੇ ਉਹਨਾਂ ਦੀਆਂ ਆਤਮਾਵਾਂ ਦੀਆਂ ਸਾਰੀਆਂ ਇੱਛਾਵਾਂ ਨੂੰ ਸੰਤੁਸ਼ਟ ਕਰਦੀ ਹੈ। ਅਤੇ ਉਹਨਾਂ ਨੂੰ ਦੁਨਿਆਵੀ ਵਸਤੂਆਂ ਦੇ ਲਈ ਕਦੇ ਪਿਆਸਾ ਨਹੀਂ ਹੋਣਾ ਪਵੇਗਾ।
ਜਦੋਂ ਸਾਮਰੀ ਔਰਤ ਪ੍ਰਭੂ ਨੂੰ ਮਿਲੀ, ਤਦ ਉਸਨੇ ਕਿਹਾ; “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ। ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸ ਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ”(ਯੂਹੰਨਾ ਦੀ ਇੰਜੀਲ 4:13,14)। ਔਰਤ ਨੇ ਉਸ ਨੂੰ ਕਿਹਾ, “ਸ਼੍ਰੀ ਮਾਨ ਜੀ, ਮੈਨੂੰ ਉਹ ਪਾਣੀ ਦਿਓ। ਫ਼ਿਰ ਮੈਂ ਵੀ ਪਿਆਸੀ ਨਹੀਂ ਰਹਾਂਗੀ ਅਤੇ ਮੈਨੂੰ ਇਸ ਖੂਹ ਤੇ ਪਾਣੀ ਖਿੱਚਣ ਲਈ ਫ਼ੇਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ”(ਯੂਹੰਨਾ ਦੀ ਇੰਜੀਲ 4:15)।
ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਵੀ ਆਪਣੇ ਦਿਲ ਵਿੱਚ ਗਹਿਰੀ ਤਾਂਘ ਦੇ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਆਓਂਗੇ? ਕੀ ਤੁਸੀਂ ਪਵਿੱਤਰ ਆਤਮਾ ਦੀ ਮੰਗ ਕਰੋਗੇ; ਸਵਰਗ ਤੋਂ ਜੀਵਤ ਜਲ ਦੀ ਨਦੀ ਅਤੇ ਪ੍ਰਭੂ ਦੀ ਹਜ਼ੂਰੀ ਦੇ ਲਈ? ਪ੍ਰਭੂ ਹਰ ਉਸ ਭਾਂਡੇ ਨੂੰ ਭਰਨ ਦੇ ਲਈ ਤਿਆਰ ਹੈ ਜੋ ਉਸ ਦੇ ਦਿਲ ਵਿੱਚ ਡੂੰਘੀ ਤਾਂਘ ਦੇ ਨਾਲ ਉਸ ਦੇ ਵੱਲ ਵਧਾਇਆ ਗਿਆ ਹੈ।
ਅਭਿਆਸ ਕਰਨ ਲਈ – “ਆਓ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਸ ਦੇ ਕੋਲ ਚਾਂਦੀ ਨਹੀਂ, ਤੁਸੀਂ ਵੀ ਆਓ, ਲੈ ਲਓ ਅਤੇ ਖਾਓ, ਆਓ, ਬਿਨ੍ਹਾਂ ਚਾਂਦੀ, ਬਿਨ੍ਹਾਂ ਮੁੱਲ ਮਧ ਤੇ ਦੁੱਧ ਲੈ ਲਓ!(ਯਸਾਯਾਹ 55:1)