No products in the cart.
ਅਕਤੂਬਰ 19 – ਬਾਰ੍ਹਾਂ ਵਰਦਾਨ!
“ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ”(ਮੱਤੀ ਦੀ ਇੰਜੀਲ 10:1)।
ਯਿਸੂ ਦੇ ਬਾਰ੍ਹਾਂ ਚੇਲੇ ਵਰਦਾਨ ਸ਼ਕਤੀ ਅਤੇ ਅਧਿਕਾਰ ਪ੍ਰਾਪਤ ਕਰਨ ਦੇ ਲਈ ਉਤਸੁਕਤਾ ਨਾਲ ਅੱਗੇ ਆਏ। ਅਤੇ ਪ੍ਰਭੂ ਨੇ ਉਨ੍ਹਾਂ ਨੂੰ ਬਿਮਾਰਾਂ ਨੂੰ ਚੰਗਾ ਕਰਨ, ਕੋੜ੍ਹੀਆਂ ਨੂੰ ਸ਼ੁੱਧ ਕਰਨ, ਮੁਰਦਿਆਂ ਨੂੰ ਜੀਉਂਦਾ ਕਰਨ ਅਤੇ ਅਸ਼ੁੱਧ ਆਤਮਾਵਾਂ ਨੂੰ ਦੂਰ ਕਰਨ ਦੀ ਆਗਿਆ ਦਿੱਤੀ।
ਬਹੁਤ ਸਾਰੇ ਮਸੀਹੀ ਆਤਮਾ ਦੇ ਵਰਦਾਨਾਂ ਨੂੰ ਸਿਧਾਂਤਕ ਮੰਨਦੇ ਹਨ। ਤੁਸੀਂ ਉਸ ਪੁੱਤਰ ਦੇ ਬਾਰੇ ਕੀ ਸੋਚੋਂਗੇ, ਜਿਸਨੂੰ ਆਪਣੇ ਪਿਤਾ ਦੀ ਵਿਰਾਸਤ ਵਿੱਚ ਮਿਲੀ ਸੰਪਤੀ ਦਾ ਵਰਣਨ ਪਤਾ ਲਗਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ? ਉਹ ਇਹ ਵੀ ਨਹੀਂ ਜਾਣਦੇ ਕਿ ਇਹ ਸੰਪਤੀ ਕਿੱਥੇ ਹੈ?
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਿਕ ਦਾਤਾਂ ਦੇ ਬਾਰੇ ਅਣਜਾਣ ਰਹੋ”(1 ਕੁਰਿੰਥੀਆਂ 12:1)। ਵਰਦਾਨਾਂ ਦੀਆਂ ਵਿਭਿੰਨਤਾਵਾਂ ਹਨ, ਪਰ ਆਤਮਾ ਇੱਕੋ ਹੈ। ਸੇਵਕਾਈਆਂ ਦੇ ਭੇਦ ਹਨ, ਪਰ ਪ੍ਰਭੂ ਇੱਕੋ ਹੈ। ਅਤੇ ਕਿਰਿਆਵਾਂ ਦੀਆਂ ਵਿਭਿੰਨਤਾਵਾਂ ਹਨ, ਪਰ ਇਹ ਉਹੀ ਪ੍ਰਮੇਸ਼ਵਰ ਹੈ ਜਿਹੜਾ ਸਾਰਿਆਂ ਵਿੱਚ ਕੰਮ ਕਰਦਾ ਹੈ।
“ਪਰ ਆਤਮਾ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ। ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ, ਦੂਜੇ ਨੂੰ ਉਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ, ਹੋਰ ਨੂੰ ਉਸੇ ਆਤਮਾ ਤੋਂ ਵਿਸ਼ਵਾਸ, ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਚੰਗਾ ਕਰਨ ਦੀਆਂ ਦਾਤਾਂ। ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਹੋਰ ਕਿਸੇ ਨੂੰ ਭਵਿੱਖਬਾਣੀ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ, ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ”(1 ਕੁਰਿੰਥੀਆਂ 12:7,8,9,10)।
ਪ੍ਰਭੂ ਨੇ ਇਨ੍ਹਾਂ ਸਾਰਿਆਂ ਆਤਮਿਕ ਵਰਦਾਨਾਂ ਨੂੰ ਸਿਰਫ਼ ਸਾਡੇ ਲਈ ਹੀ ਰੱਖਿਆ ਹੋਇਆ ਹੈ। ਹੋ ਸਕਦਾ ਹੈ ਕਿ ਤੁਹਾਡੇ ਮਨ ਵਿੱਚ ਸ਼ੱਕ ਹੋਵੇ, ਅਤੇ ਸਵਾਲ ਹੋਵੇ ਕਿ ਕੀ ਪ੍ਰਭੂ ਤੁਹਾਨੂੰ ਅਜਿਹੇ ਆਤਮਿਕ ਵਰਦਾਨ ਦੇਣਗੇ, ਜਿਨ੍ਹਾਂ ਨੇ ਪਿੱਛਲੇ ਸਮੇਂ ਵਿੱਚ ਵੱਡੇ ਪਾਪ ਕੀਤੇ ਸਨ ਅਤੇ ਪ੍ਰਭੂ ਦੇ ਵਿਰੁੱਧ ਬਗਾਵਤ ਕੀਤੀ ਸੀ। ਪਰ ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤੂੰ ਉਤਾਹਾਂ ਉਠਾਇਆ ਗਿਆ, ਤੂੰ ਬੰਦੀਆਂ ਨੂੰ ਬੰਨ੍ਹ ਲਿਆ, ਤੂੰ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, ਕਿ ਯਾਹ ਪਰਮੇਸ਼ੁਰ ਉੱਥੇ ਵੱਸੇ”(ਜ਼ਬੂਰਾਂ ਦੀ ਪੋਥੀ 68:18)। ਬਾਗ਼ੀ ਲੋਕਾਂ ਦੇ ਲਈ ਵੀ ਪ੍ਰਭੂ ਅਜਿਹੇ ਅਦਭੁੱਤ ਆਤਮਿਕ ਵਰਦਾਨ ਦੇ ਰਹੇ ਹਨ।
ਤੁਹਾਡੇ ਵਿੱਚ ਉਹ ਹੀ ਉਤਸ਼ਾਹ ਹੋਣਾ ਚਾਹੀਦਾ ਹੈ ਜੋ ਅਲੀਸ਼ਾ ਵਿੱਚ ਆਤਮਿਕ ਵਰਦਾਨ ਪ੍ਰਾਪਤ ਕਰਨ ਵਿੱਚ ਸੀ। ਉਸ ਨੇ ਨਾ ਸਿਰਫ਼ ਆਪਣੀ ਆਤਮਾ ਅਤੇ ਸ਼ਕਤੀ ਦੇ ਲਈ, ਬਲਕਿ ਆਪਣੇ ਆਤਮਿਕ ਵਰਦਾਨਾਂ ਦੇ ਦੁੱਗਣੇ ਹਿੱਸੇ ਦੇ ਲਈ ਵੀ ਏਲੀਯਾਹ ਦਾ ਪਿੱਛਾ ਕੀਤਾ, ਉਸਨੇ ਆਪਣੇ ਸਾਰੇ ਰੁਤਬੇ ਅਤੇ ਉੱਤਮਤਾ ਨੂੰ ਛੱਡ ਦਿੱਤਾ ਅਤੇ ਏਲੀਯਾਹ ਦਾ ਪਿੱਛਾ ਕੀਤਾ, ਅਤੇ ਕੋਈ ਵੀ ਕੁਰਬਾਨੀ ਕਰਨ ਅਤੇ ਕਿਸੇ ਵੀ ਔਖੇ ਰਸਤੇ ਉੱਤੇ ਚੱਲਣ ਦੇ ਲਈ ਤਿਆਰ ਸੀ। ਅਤੇ ਅੰਤ ਵਿੱਚ, ਆਤਮਿਕ ਵਰਦਾਨਾਂ ਦਾ ਦੁੱਗਣਾ ਹਿੱਸਾ ਪ੍ਰਾਪਤ ਕੀਤਾ।
ਪ੍ਰਮੇਸ਼ਵਰ ਦੇ ਬੱਚਿਓ, ਅੱਜ ਪੂਰੀ ਦੁਨੀਆਂ ਅਚੰਭਿਆਂ ਅਤੇ ਚਮਤਕਾਰਾਂ ਦੀ ਉਮੀਦ ਕਰ ਰਹੀ ਹੈ। ਕੀ ਤੁਸੀਂ ਆਪਣੇ ਆਤਮਿਕ ਵਰਦਾਨਾਂ ਨੂੰ ਸੰਚਾਲਿਤ ਕਰੋਂਗੇ, ਆਪਣੇ ਆਤਮਿਕ ਫਲਾਂ ਨੂੰ ਪ੍ਰਗਟ ਕਰੋਂਗੇ ਅਤੇ ਬਹੁਤ ਸਾਰੀਆਂ ਆਤਮਾਵਾਂ ਨੂੰ ਪ੍ਰਭੂ ਦੇ ਕੋਲ ਲਿਆਓਂਗੇ?
ਅਭਿਆਸ ਕਰਨ ਲਈ – “ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ”(ਰਸੂਲਾਂ ਦੇ ਕਰਤੱਬ 10:38)