Appam - Punjabi

ਜੂਨ 03 – ਮੁਸ਼ਕਿਲ ਵਿੱਚ ਦਿਲਾਸਾ!

“ਅਤੇ ਤੂੰ ਉਹ ਨੂੰ ਆਖ, ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ!”(ਯਸਾਯਾਹ 7:4)।

ਮੁਸੀਬਤ ਅਤੇ ਮੁਸ਼ਕਿਲ ਦੇ ਸਮੇਂ ਵਿੱਚ ਵੀ ਸਾਡਾ ਪਰਮੇਸ਼ੁਰ ਸਾਨੂੰ ਦਿਲਾਸਾ ਦਿੰਦਾ ਹੈ। ਜਦੋਂ ਅਸੀਂ ਕੋਈ ਹੈਰਾਨ ਕਰਨ ਵਾਲੀ ਖ਼ਬਰ ਸੁਣਦੇ ਹਾਂ, ਤਾਂ ਸਾਡਾ ਦਿਲ ਪ੍ਰੇਸ਼ਾਨ ਹੋ ਜਾਂਦਾ ਹੈ, ਅਤੇ ਅਸੀਂ ਇਸ ਗੱਲ ਤੋਂ ਦੁਖੀ ਹੁੰਦੇ ਹਾਂ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਆਪਣੇ ਦਿਲ ਵਿੱਚ ਇੰਨੇ ਦੁਖੀ ਅਤੇ ਦਰਦ ਵਿੱਚ ਹੁੰਦੇ ਹੋ, ਤਦ ਯਹੋਵਾਹ ਦੀ ਮਿੱਠੀ ਆਵਾਜ਼ ਤੁਹਾਨੂੰ ਕਹਿੰਦੀ ਹੈ: “ਖ਼ਬਰਦਾਰ ਅਤੇ ਚੁੱਪ ਰਹਿ; ਅਤੇ ਨਾ ਡਰ”

ਪਹਿਲਾ, ਪ੍ਰਭੂ ਤੁਹਾਨੂੰ ਕਹਿੰਦੇ ਹਨ ਕਿ ਡਰੋ ਨਾ। ਡਰ ਜ਼ਹਿਰ ਦਾ ਪਹਿਲਾ ਬੀਜ ਹੈ ਜੋ ਸ਼ੈਤਾਨ ਇੱਕ ਵਿਸ਼ਵਾਸੀ ਦੇ ਦਿਲ ਵਿੱਚ ਬੀਜਦਾ ਹੈ। ਉਹ ਡਰ ਪੈਦਾ ਕਰਦਾ ਹੈ ਅਤੇ ਤੁਹਾਡੇ ਦਿਲ ਨੂੰ ਪਰੇਸ਼ਾਨ ਕਰਦਾ ਹੈ ਅਤੇ ਅੰਤ ਵਿੱਚ ਤੁਸੀਂ ਪ੍ਰਮੇਸ਼ਵਰ ਵਿੱਚ ਵਿਸ਼ਵਾਸ ਗੁਆ ਲੈਂਦੇ ਹੋ।

ਪਵਿੱਤਰ ਸ਼ਾਸਤਰ ਵਿੱਚ ‘ਨਾ ਡਰ’ ਸ਼ਬਦ ਦਾ ਜ਼ਿਕਰ 366 ਵਾਰ ਕੀਤਾ ਗਿਆ ਹੈ। ਅਤੇ ਅਸੀਂ ਇਸਨੂੰ ਸਾਲ ਦੇ ਹਰ ਦਿਨ ਲਈ ਰੱਖਣ ਦੇ ਲਈ ਇੱਕ ਬਿਆਨ ਦੇ ਵਜੋਂ ਲੈ ਸਕਦੇ ਹਾਂ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ”(ਯੂਹੰਨਾ ਦੀ ਇੰਜੀਲ 14:27)। “ਨਾ ਡਰ….ਮੈਂ ਤੇਰੇ ਲਈ ਢਾਲ਼ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ”(ਉਤਪਤ 15:1)। “ਨਾ ਡਰੀਂ ਅਤੇ ਨਾ ਘਬਰਾਵੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ-ਸੰਗ ਹੈ”(1 ਇਤਿਹਾਸ 28:20)।

ਦੂਸਰਾ, ਪ੍ਰਭੂ ਤੁਹਾਨੂੰ ਸਥਿਰ ਰਹਿਣ ਦੇ ਲਈ ਕਹਿੰਦੇ ਹਨ। ਕਿਉਂਕਿ ਮਨੁੱਖ ਦੀ ਸਵੈ-ਇੱਛਾ ਵਿਗੜ ਗਈ ਹੈ, ਇਸ ਲਈ ਸਥਿਰ ਰਹਿਣਾ ਮੁਸ਼ਕਿਲ ਹੋਵੇਗਾ। ਪਰ ਜਦੋਂ ਪ੍ਰਭੂ ਤੁਹਾਡੇ ਲਈ ਕੰਮ ਕਰ ਰਹੇ ਹੋਣ, ਤਾਂ ਤੁਹਾਨੂੰ ਆਪਣਾ ਸਾਰਾ ਬੋਝ ਉਸ ਉੱਤੇ ਸੁੱਟ ਦੇਣਾ ਚਾਹੀਦਾ ਹੈ ਅਤੇ ਸਥਿਰ ਰਹਿਣਾ ਚਾਹੀਦਾ ਹੈ।

ਮੂਸਾ ਨੇ ਇਸਰਾਏਲੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੇ ਲਈ ਆਖਿਆ। “ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ”(ਕੂਚ 14:14)। ਸਭ ਕੁੱਝ ਪ੍ਰਭੂ ਨੂੰ ਸਮਰਪਿਤ ਕਰ ਦਿਓ ਅਤੇ ਪ੍ਰਾਰਥਨਾ ਵਿੱਚ ਲੱਗੇ ਰਹੋ। ਅਤੇ ਯਹੋਵਾਹ ਜ਼ਰੂਰ ਹੀ ਤੁਹਾਡੇ ਲਈ ਲੜੇਗਾ ਅਤੇ ਤੁਹਾਨੂੰ ਜਿੱਤ ਦੇਵੇਗਾ।

ਤੀਸਰਾ, ਪ੍ਰਭੂ ਤੁਹਾਨੂੰ ਕਹਿੰਦੇ ਹਨ ਕਿ ਤੁਸੀਂ ਨਿਰਾਸ਼ ਨਾ ਹੋਵੋ। “ਇਸ ਲਈ ਪ੍ਰਭੂ ਯਹੋਵਾਹ ਫ਼ਰਮਾਉਂਦਾ ਹੈ, ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪਰਤੀਤ ਕਰਦਾ ਹੈ, ਉਹ ਘਬਰਾ ਕੇ ਕਾਹਲੀ ਨਹੀਂ ਕਰੇਗਾ”(ਯਸਾਯਾਹ 28:16)। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ”(ਕਹਾਉਤਾਂ 24:10)।

ਪਰਮੇਸ਼ੁਰ ਦੇ ਬੱਚਿਓ, ਜਦੋਂ ਬਿਪਤਾ ਤੁਹਾਡੇ ਉੱਤੇ ਆਵੇ, ਤਦ ਢਿੱਲੇ ਨਾ ਪਵੋ ਅਤੇ ਨਾ ਹੀ ਥੱਕੋ। ਪੂਰੀ ਤਰ੍ਹਾਂ ਪ੍ਰਮੇਸ਼ਵਰ ਉੱਤੇ ਨਿਰਭਰ ਰਹੋ। ਜਦੋਂ ਵੀ ਤੁਸੀਂ ਆਪਣੇ ਇਕੱਲੇਪਨ ਦੇ ਕਾਰਨ ਥੱਕ ਜਾਂਦੇ ਹੋ, ਤਾਂ ਪਰਮੇਸ਼ੁਰ ਦੇ ਬੱਚਿਆਂ ਦੇ ਨਾਲ ਸੰਗਤੀ ਲਈ ਦੌੜੋ। ਅਤੇ ਪ੍ਰਮੇਸ਼ਵਰ ਉਨ੍ਹਾਂ ਦੇ ਦੁਆਰਾ ਤੁਹਾਨੂੰ ਸ਼ਾਂਤੀ ਅਤੇ ਦਿਲਾਸਾ ਦੇਵੇਗਾ ਅਤੇ ਤੁਹਾਨੂੰ ਬਰਕਤ ਦੇਵੇਗਾ।

ਅਭਿਆਸ ਕਰਨ ਲਈ – “ਪ੍ਰਭੂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੁੜ ਆਉਣ ਅਤੇ ਚੈਨ ਨਾਲ ਰਹਿਣ ਵਿੱਚ ਤੁਹਾਡਾ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ”(ਯਸਾਯਾਹ 30:15)।

Leave A Comment

Your Comment
All comments are held for moderation.