No products in the cart.
ਮਈ 26 – ਮਸੀਹ ਯਿਸੂ ਦਾ ਗਿਆਨ!
“ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ”(ਫਿਲਿੱਪੀਆਂ 3:8)।
ਦਾਨੀਏਲ ਨਬੀ ਨੇ ਕਿਹਾ ਕਿ ਗਿਆਨ ਸਮੇਂ ਦੇ ਅੰਤ ਵਿੱਚ ਵਧੇਗਾ (ਦਾਨੀਏਲ 12:4)। ਗਿਆਨ ਪ੍ਰਾਪਤ ਕਰਨ ਦੇ ਲਈ ਮਨੁੱਖ ਆਪਣੀ ਛੋਟੀ ਉਮਰ ਤੋਂ ਹੀ ਸਿੱਖਿਆ ਦੇ ਕਈ ਪੜਾਵਾਂ ਵਿੱਚੋਂ ਲੰਘਦਾ ਹੈ। ਉਹ ਪ੍ਰਾਇਮਰੀ ਸਕੂਲ, ਹਾਈ ਸਕੂਲ, ਗ੍ਰੈਜੂਏਸ਼ਨ ਤੋਂ ਸ਼ੁਰੂ ਕਰਦੇ ਹਨ ਅਤੇ ਦੁਨਿਆਵੀ ਗਿਆਨ ਪ੍ਰਾਪਤ ਕਰਨ ਦੇ ਲਈ ਦਵਾਈ ਜਾਂ ਕਾਨੂੰਨ ਵਰਗੇ ਕਿੱਤਾਮੁਖੀ ਕੋਰਸ ਵੀ ਲੈਂਦੇ ਹਨ। ਅਤੇ ਉਹ ਅਜਿਹੀ ਸਿੱਖਿਆ ਅਤੇ ਗਿਆਨ ਪ੍ਰਾਪਤ ਕਰਨ ਦੇ ਲਈ ਬਹੁਤ ਸਾਰਾ ਸਮਾਂ ਅਤੇ ਪੈਸਾ ਖਰਚ ਕਰਨ ਲਈ ਤਿਆਰ ਹਨ। ਪਰ ਇਹਨਾਂ ਵਿੱਚੋਂ ਕੋਈ ਵੀ ਗਿਆਨ ਮਨੁੱਖ ਨੂੰ ਸਵਰਗ ਵਿੱਚ ਨਹੀਂ ਲੈ ਕੇ ਜਾ ਸਕਦਾ।
ਰਸੂਲ ਪੌਲੁਸ ਨੇ ਮਸੀਹ ਯਿਸੂ ਦੇ ਗਿਆਨ ਦੀ ਉੱਤਮਤਾ ਦੇ ਬਾਰੇ ਲਿਖਿਆ ਹੈ। ਯਿਸੂ ਮਸੀਹ ਦੇ ਗਿਆਨ ਵਿੱਚ ਇੱਕ ਮਹਾਨਤਾ ਹੈ। ਅਜਿਹਾ ਗਿਆਨ ਮਹਿਮਾ ਹੈ ਅਤੇ ਇਸ ਵਿੱਚ ਸਦੀਪਕ ਅਨੰਦ ਹੈ। ਅਸਲ ਵਿੱਚ, ਪਰਮੇਸ਼ੁਰ ਪਿਤਾ ਅਤੇ ਉਸਦੇ ਪੁੱਤਰ, ਪ੍ਰਭੂ ਯਿਸੂ ਮਸੀਹ ਨੂੰ ਜਾਣਨਾ, ਸਦੀਪਕ ਜੀਵਨ ਹੈ। ਮਨੁੱਖ ਦੇ ਕੋਲ ਭਾਵੇਂ ਕਿਸੇ ਵੀ ਗਿਆਨ ਦੀ ਘਾਟ ਹੋਵੇ, ਇਹ ਜ਼ਰੂਰੀ ਹੈ ਕਿ ਉਸ ਦੇ ਕੋਲ ਮਸੀਹ ਦਾ ਗਿਆਨ ਹੋਵੇ। ਕਿਉਂਕਿ, ਸਿਰਫ ਉਸ ਗਿਆਨ ਦੇ ਦੁਆਰਾ ਹੀ ਉਹ ਸਦੀਪਕ ਜੀਵਨ ਨੂੰ ਪ੍ਰਾਪਤ ਕਰ ਸਕਦਾ ਹੈ।
ਮਸੀਹ ਨੂੰ ਜਾਨਣ ਦੀਆਂ ਬਰਕਤਾਂ ਕੀ ਹੈ? ਸਭ ਤੋਂ ਪਹਿਲਾਂ, ਜਿਵੇਂ ਕਿ ਪਤਰਸ ਦੱਸਦਾ ਹੈ: “ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ-ਮੰਦ ਤੋਂ ਬਚ ਗਿਆ ਹੈ”(2 ਪਤਰਸ 2:20)। ਸੰਸਾਰ ਦੀ ਗੰਦਗੀ ਤੋਂ ਬਚਣ ਦੇ ਇਲਾਵਾ, ਅਜਿਹਾ ਗਿਆਨ ਤੁਹਾਨੂੰ ਧਰਮੀ ਵੀ ਬਣਾਉਂਦਾ ਹੈ (ਯਸਾਯਾਹ 53:11)।
ਦੂਸਰਾ, ਪਤਰਸ ਉਸ ਗਿਆਨ ਦੇ ਦੁਆਰਾ ਸਾਡੇ ਜੀਵਨ ਵਿੱਚ ਕਿਰਪਾ ਅਤੇ ਸ਼ਾਂਤੀ ਦੇ ਗੁਣਾ ਬਾਰੇ ਵੀ ਗੱਲ ਕਰਦਾ ਹੈ। “ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਦੇ ਗਿਆਨ ਦੇ ਰਾਹੀਂ ਕਿਰਪਾ ਅਤੇ ਸ਼ਾਂਤੀ ਤੁਹਾਡੇ ਲਈ ਵੱਧ ਤੋਂ ਵੱਧ ਹੁੰਦੀ ਜਾਵੇ”(2 ਪਤਰਸ 1:2)। ਮਸੀਹ ਵਿੱਚ ਕਿਰਪਾ ਅਤੇ ਸ਼ਾਂਤੀ ਹੈ। ਪਰ ਜਿਸ ਹੱਦ ਤੱਕ ਤੁਸੀਂ ਉਸ ਨੂੰ ਜਾਣਨ ਦੇ ਲਈ ਆਪਣੇ ਦਿਲ ਸਮਰਪਿਤ ਕਰਦੇ ਹੋ, ਉਸ ਦੀ ਕਿਰਪਾ ਅਤੇ ਸ਼ਾਂਤੀ ਤੁਹਾਡੇ ਜੀਵਨ ਵਿੱਚ ਹੋਰ ਵੀ ਜ਼ਿਆਦਾ ਵੱਧ ਜਾਵੇਗੀ।
ਤੀਸਰਾ, ਤੁਸੀਂ ਆਪਣੇ ਜੀਵਨ ਵਿੱਚ ਉਸਦੀ ਸਦੀਪਕ ਸ਼ਕਤੀ ਦੇ ਨਾਲ ਮਜ਼ਬੂਤ ਹੋਵੋਂਗੇ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਉਸ ਦੀ ਰੂਹਾਨੀ ਸਮਰੱਥਾ ਨੇ ਉਹ ਸਭ ਕੁਝ ਜੋ ਜੀਵਨ ਅਤੇ ਭਗਤੀ ਲਈ ਚਾਹੀਦਾ ਹੈ, ਸਾਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਸ ਨੇ ਆਪਣੀ ਮਹਿਮਾ ਅਤੇ ਗੁਣ ਨਾਲ ਸਾਨੂੰ ਸੱਦਿਆ ਹੈ”(2 ਪਤਰਸ 1:3)। ਉਸਦੀ ਰੂਹਾਨੀ ਸ਼ਖਸੀਅਤ ਦੇ ਗੁਣਾਂ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਦੇ ਲਈ ਤੁਹਾਡੇ ਲਈ ਮਸੀਹ ਦਾ ਗਿਆਨ ਜ਼ਰੂਰੀ ਹੈ।ਜਦੋਂ ਤੁਸੀਂ ਪਤਰਸ ਦੀਆਂ ਦੋ ਪੱਤ੍ਰੀਆਂ ਨੂੰ ਪੜ੍ਹਦੇ ਹੋ, ਤਾਂ ਤੁਸੀਂ ਮਸੀਹ ਦੇ ਗਿਆਨ ਦੀਆਂ ਕਈ ਹੋਰ ਬਰਕਤਾਂ ਨੂੰ ਪਾ ਸਕਦੇ ਹੋ।
ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਦਿਲ ਵਿੱਚ ਪ੍ਰਭੂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਨ ਦੇ ਲਈ ਸਮਰਪਣ ਕਰੋ। ਆਤਮਿਕ ਪਿਆਸ ਅਤੇ ਭੁੱਖ ਦੇ ਨਾਲ ਅਤੇ ਆਪਣੇ ਦਿਲ ਵਿੱਚ ਗਹਿਰੀ ਲਾਲਸਾ ਦੇ ਨਾਲ ਪ੍ਰਮੇਸ਼ਵਰ ਦੇ ਵਚਨ ਨੂੰ ਗ੍ਰਹਿਣ ਕਰੋ। ਅਤੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਹਵਾਲੇ ਕਰ ਦਿਓ, ਤਾਂਕਿ ਉਹ ਆਪਣੇ ਵਚਨ ਦੀ ਮਹਿਮਾ ਨੂੰ ਪ੍ਰਗਟ ਕਰ ਸਕੇ।
ਅਭਿਆਸ ਕਰਨ ਲਈ – “ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਹ ਦੀ ਵਡਿਆਈ ਹੁਣ ਅਤੇ ਜੁੱਗੋ-ਜੁੱਗ ਹੁੰਦੀ ਰਹੇ। ਆਮੀਨ”(2 ਪਤਰਸ 3:18)।