Appam - Punjabi

ਨਵੰਬਰ 05 – ਯੂਨਾਹ ਤੋਂ ਵੀ ਮਹਾਨ!

“ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾਹ ਨਾਲੋਂ ਵੀ ਵੱਡਾ ਹੈ”(ਮੱਤੀ ਦੀ ਇੰਜੀਲ 12:41)

ਸਾਡਾ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਉਸਦੀ ਮਹਾਨਤਾ ਨੂੰ ਜਾਣੀਏ। ਜੇਕਰ ਤੁਸੀਂ ਕਿਸੇ ਵਿਅਕਤੀ ਦਾ ਵਰਣਨ ਕਰਨਾ ਚਾਹੁੰਦੇ ਹੋ, ਤਾਂ ਉਸ ਦੀ ਤੁਲਨਾ ਕਿਸੇ ਹੋਰ ਵਿਅਕਤੀ ਨਾਲ ਕਰਨਾ ਆਮ ਗੱਲ ਹੈ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਉੱਪਰ ਦਿੱਤੀ ਆਇਤ ਵਿੱਚ ਪ੍ਰਮੇਸ਼ਵਰ ਆਪਣੇ ਬਾਰੇ ਪ੍ਰਗਟ ਕਰਦਾ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ। ਨੀਨਵਾਹ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾਹ ਨਾਲੋਂ ਵੀ ਵੱਡਾ ਹੈ”(ਮੱਤੀ ਦੀ ਇੰਜੀਲ 12:40,41)।

ਯੂਨਾਹ ਇੱਕ ਪ੍ਰਚਾਰਕ ਅਤੇ ਇੱਕ ਨਬੀ ਸੀ। ਉਸਦਾ ਸੰਦੇਸ਼ ਖ਼ਾਸ ਤੌਰ ਤੇ ਨੀਨਵਾਹ ਸ਼ਹਿਰ ਦੇ ਲਈ ਸੀ। ਪਰ ਪ੍ਰਭੂ ਦਾ ਸੰਦੇਸ਼ ਸਾਰੇ ਸੰਸਾਰ ਦੇ ਲਈ ਹੈ। ਜਿਹੜੇ ਸਵਰਗ ਵਿੱਚ ਹਨ, ਅਤੇ ਧਰਤੀ ਉੱਤੇ ਹਨ, ਅਤੇ ਧਰਤੀ ਦੇ ਹੇਠਾਂ ਹਨ ਉਹ ਸਾਰੇ ਯਿਸੂ ਦੇ ਨਾਮ ਉੱਤੇ ਗੋਡੇ ਟੇਕਣ। ਸਾਡੇ ਪ੍ਰਭੂ ਦੀ ਸਚਿਆਈ ਯੂਨਾਹ ਦੇ ਸੰਦੇਸ਼ ਨਾਲੋਂ ਮਹਾਨ ਹੈ। ਯੂਨਾਹ ਨੇ ਵਿਨਾਸ਼ ਦੇ ਬਾਰੇ ਪ੍ਰਚਾਰ ਕੀਤਾ, ਜਦੋਂ ਕਿ ਸਾਡੇ ਪ੍ਰਭੂ ਨੇ ਜੀਵਨ ਦੇ ਬਾਰੇ ਪ੍ਰਚਾਰ ਕੀਤਾ। ਯੂਨਾਹ ਨੇ ਨੀਨਵਾਹ ਸ਼ਹਿਰ ਦੀ ਤਬਾਹੀ ਦੇ ਬਾਰੇ ਬੋਲਿਆ, ਜਦੋਂ ਕਿ ਸਾਡੇ ਪ੍ਰਭੂ ਦਾ ਸੰਦੇਸ਼ ਬਚਾਉਣ ਅਤੇ ਸੁਰੱਖਿਆ ਦੇ ਬਾਰੇ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ”(ਯੂਹੰਨਾ ਦੀ ਇੰਜੀਲ 3:17)। ਉਹ ਜੋ ਯੂਨਾਹ ਨਾਲੋਂ ਮਹਾਨ ਹੈ ਉਹ ਅੱਜ ਤੁਹਾਡੇ ਵਿਚਕਾਰ ਹੈ। ਜੇਕਰ ਤੁਸੀਂ ਉਸ ਨਾਲ ਜੁੜੇ ਰਹੋਂਗੇ, ਤਾਂ ਤੁਸੀਂ ਸਦੀਪਕ ਵਿਨਾਸ਼ ਤੋਂ ਬਚ ਜਾਵੋਂਗੇ ਅਤੇ ਸਦੀਪਕ ਜੀਵਨ ਦੇ ਵਾਰਿਸ ਹੋਵੋਂਗੇ।

ਯੂਨਾਹ ਪਰਮੇਸ਼ੁਰ ਦਾ ਸੇਵਕ ਸੀ, ਜਦੋਂ ਕਿ ਸਾਡਾ ਪ੍ਰਭੂ ਮਾਲਕ ਹੈ। ਅਤੇ ਕੋਈ ਵੀ ਸੇਵਕ ਮਾਲਕ ਤੋਂ ਵੱਡਾ ਨਹੀਂ ਹੁੰਦਾ। ਇਸ ਲਈ ਤੁਹਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਪ੍ਰਮੇਸ਼ਵਰ ਦਾ ਕੋਈ ਵੀ ਸੇਵਕ ਪ੍ਰਭੂ ਤੋਂ ਵੱਡਾ ਨਹੀਂ ਹੈ। ਤੁਸੀਂ ਪ੍ਰਭੂ ਦੀ ਵਡਿਆਈ ਅਤੇ ਆਦਰ ਦੇ ਪਾਤਰ ਹੋ, ਜਿਹੜਾ ਯੂਨਾਹ ਨਾਲੋਂ ਮਹਾਨ ਹੈ।

ਯੂਨਾਹ ਦੇ ਸਿਰਫ਼ ਇੱਕ ਸੰਦੇਸ਼ ਨਾਲ, ਇੱਕ ਲੱਖ ਵੀਹ ਹਜ਼ਾਰ ਲੋਕ ਤਬਾਹੀ ਤੋਂ ਬਚ ਗਏ। ਤੁਸੀਂ ਪੂਰੇ ਇਤਿਹਾਸ ਵਿੱਚ ਅਜਿਹੀ ਅਦਭੁੱਤ ਘਟਨਾ ਕਦੇ ਨਹੀਂ ਦੇਖ ਸਕਦੇ ਹੋ, ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇੱਕ ਸੰਦੇਸ਼ ਨਾਲ ਛੁਡਾਇਆ ਗਿਆ ਹੋਵੇ। ਨੀਨਵਾਹ ਵਿੱਚ ਇੰਨੀ ਵੱਡੀ ਬੇਦਾਰੀ ਹੋਈ। ਸੰਦੇਸ਼ ਸੁਣ ਕੇ, ਰਾਜਾ ਆਪਣੇ ਸਿੰਘਾਸਣ ਤੋਂ ਉੱਠਿਆ, ਅਤੇ ਆਪਣੇ ਵਸਤਰ ਇੱਕ ਪਾਸੇ ਰੱਖ ਕੇ ਤੱਪੜ ਪਾ ਲਿਆ ਅਤੇ ਸੁਆਹ ਵਿੱਚ ਬੈਠ ਗਿਆ ਅਤੇ ਬਚ ਗਿਆ। ਪਰ ਯਿਸੂ ਮਸੀਹ, ਮੁਕਤੀ ਦਾ ਪ੍ਰਭੂ; ਜਿਹੜਾ ਯੂਨਾਹ ਨਾਲੋਂ ਵੱਡਾ ਹੈ, ਉਹ ਸਾਡੇ ਨਾਲ ਹੈ।

ਪ੍ਰਭੂ ਆਪਣੇ ਸਾਰੇ ਸੇਵਕਾਂ ਦਾ ਉਸੇ ਤਰ੍ਹਾਂ ਹੀ ਆਦਰ ਕਰਦਾ ਹੈ ਜਿਵੇਂ ਉਸਨੇ ਯੂਨਾਹ ਦਾ ਆਦਰ ਕੀਤਾ ਸੀ। ਅਤੇ ਉਹ ਉਹਨਾਂ ਨੂੰ ਅਧਿਕਾਰ, ਸਨਮਾਨ ਅਤੇ ਸ਼ਕਤੀ ਦਿੰਦਾ ਹੈ ਅਤੇ ਉਹਨਾਂ ਨੂੰ ਆਤਮਿਕ ਵਰਦਾਨ ਦਿੰਦਾ ਹੈ। ਹਾਲਾਂਕਿ, ਤੁਹਾਨੂੰ ਕਦੇ ਵੀ ਉਨ੍ਹਾਂ ਨੂੰ ਪ੍ਰਭੂ ਤੋਂ ਉੱਚਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਪ੍ਰਮੇਸ਼ਵਰ ਦੇ ਬੱਚਿਓ, ਕੇਵਲ ਪ੍ਰਭੂ ਹੀ ਤੁਹਾਡੀ ਸਾਰੀ ਵਡਿਆਈ, ਆਦਰ ਅਤੇ ਮਹਿਮਾ ਦੇ ਯੋਗ ਹੈ, ਕਿਉਂਕਿ ਉਹ ਮਹਾਨ ਹੈ।

ਅਭਿਆਸ ਕਰਨ ਲਈ – “ਕਿਉਂ ਜੋ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜਿੰਨਾਂ ਆਦਰ ਦੇ ਯੋਗ ਹੁੰਦਾ ਹੈ, ਉਨ੍ਹਾਂ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ”(ਇਬਰਾਨੀਆਂ 3:3)

Leave A Comment

Your Comment
All comments are held for moderation.