No products in the cart.
ਜੂਨ 28 – ਪਵਿੱਤਰ ਆਤਮਾ ਦਾ ਦਿਲਾਸਾ!
“ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਤੁਹਾਡੇ ਲਈ ਦੂਸਰਾ ਸਹਾਇਕ ਦੇਵੇਗਾ। ਉਹ ਤੁਹਾਡੇ ਨਾਲ ਰਹਿੰਦਾ ਹੈ”(ਯੂਹੰਨਾ ਦੀ ਇੰਜੀਲ 14:16,17)।
ਸਾਡਾ ਪ੍ਰਭੂ ਯਿਸੂ ਮਸੀਹ ਖੁਦ ਇੱਕ ਦਿਲਾਸਾ ਦੇਣ ਵਾਲਾ ਅਤੇ ਸਹਾਇਕ ਹੈ, ਅਤੇ ਉਸਨੇ ਇੱਕ ਹੋਰ ਸਹਾਇਕ ਦੇ ਬਾਰੇ ਦੱਸਿਆ, ਜਿਹੜਾ ਪਵਿੱਤਰ ਆਤਮਾ, ਸੱਚ ਦਾ ਆਤਮਾ ਹੈ। ਦੋ ਵੱਖ-ਵੱਖ ਤਰੀਕਿਆਂ ਨਾਲ ਦਿਲਾਸਾ ਮਿਲਣਾ ਕਿੰਨੇ ਸਨਮਾਨ ਦੀ ਗੱਲ ਹੈ! ਅਸੀਂ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਕਿ ਕੋਈ ਹੋਰ ਧਰਮ ਇਸ ਤਰ੍ਹਾਂ ਦਾ ਸਹਾਇਕ ਅਤੇ ਦਿਲਾਸਾ ਨਹੀਂ ਦੇ ਸਕਦਾ ਹੈ ਜਿਹੜਾ ਮਸੀਹੀ ਧਰਮ ਦੇ ਸਕਦਾ ਹੈ।
ਪੁਰਾਣੇ ਨੇਮ ਦੇ ਸੰਤ, ਕਿਸੇ ਦੀ ਮਦਦ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਤਰਸ ਰਹੇ ਸੀ। ਉਪਦੇਸ਼ਕ ਦੀ ਪੋਥੀ ਵਿੱਚ, ਅਸੀਂ ਪੜ੍ਹਦੇ ਹਾਂ: “ਅਤੇ ਵੇਖੋ ਸਤਾਇਆਂ ਹੋਇਆਂ ਦੇ ਹੰਝੂ ਵਗਦੇ ਸਨ ਅਤੇ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਉਹਨਾਂ ਉੱਤੇ ਹਨੇਰ ਕਰਨ ਵਾਲੇ ਬਲਵੰਤ ਸਨ ਪਰ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ”(ਉਪਦੇਸ਼ਕ ਦੀ ਪੋਥੀ 4:1)।
ਜਬੂਰਾਂ ਦੇ ਲਿਖਾਰੀ ਦਾਊਦ ਨੇ ਇਹ ਵੀ ਕਿਹਾ: “ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਨਹੀਂ ਸੀ, ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ”(ਜ਼ਬੂਰਾਂ ਦੀ ਪੋਥੀ 69:20)।
ਪਰ ਨਵੇਂ ਨੇਮ ਦੇ ਸਮਿਆਂ ਵਿੱਚ, ਪ੍ਰਭੂ ਦੀ ਹਜ਼ੂਰੀ ਉਸਦੇ ਚੇਲਿਆਂ ਦੇ ਲਈ ਇੱਕ ਵੱਡੀ ਤਸੱਲੀ ਅਤੇ ਦਿਲਾਸਾ ਸੀ। ਉਸਨੇ ਰੋਗਾਂ ਨਾਲ ਪੀੜਤ ਲੋਕਾਂ ਦੇ ਹੰਝੂ ਪੂੰਝੇ ਅਤੇ ਉਨ੍ਹਾਂ ਨੂੰ ਚੰਗਾ ਕੀਤਾ। ਜਦੋਂ ਲੋਕ ਭੁੱਖੇ ਸੀ, ਉਸਨੇ ਇੱਕ ਚਮਤਕਾਰ ਕੀਤਾ ਅਤੇ ਪੰਜ ਹਜ਼ਾਰ ਲੋਕਾਂ ਨੂੰ ਭੋਜਨ ਖੁਆਇਆ। ਉਸ ਨੇ ਭੂਤਾਂ ਨੂੰ ਕੱਢ ਦਿੱਤਾ। ਉਸਨੇ ਆਪਣੇ ਚੇਲਿਆਂ ਦੇ ਵੱਲੋਂ ਫ਼ਰੀਸੀਆਂ ਅਤੇ ਸਦੂਕੀਆਂ ਦੇ ਸਵਾਲਾਂ ਅਤੇ ਇਲਜ਼ਾਮਾਂ ਦੇ ਜਵਾਬ ਦਿੱਤੇ। ਸੱਚਮੁੱਚ, ਪ੍ਰਭੂ ਯਿਸੂ ਮਸੀਹ ਇੱਕ ਅਦਭੁੱਤ ਦਿਲਾਸਾ ਦੇਣ ਵਾਲੇ ਹਨ।
ਕਈ ਸਾਲ ਪਹਿਲਾਂ, ਇੱਕ ਵਿਗਿਆਨੀ ਆਰਕਟਿਕ ਖੇਤਰ ਵਿੱਚ ਗਿਆ ਸੀ, ਜਿਹੜਾ ਚਾਰੇ ਪਾਸੇ ਜੰਮੇ ਹੋਏ ਸਮੁੰਦਰਾਂ ਦੇ ਨਾਲ ਬਹੁਤ ਠੰਡਾ ਹੈ। ਉਸ ਨੇ ਇਕੱਲੇ ਹੀ ਕਈ ਪ੍ਰਯੋਗ ਕੀਤੇ ਅਤੇ ਕਈ ਖੋਜਾਂ ਕੀਤੀਆਂ। ਕਿਉਂਕਿ ਸੰਚਾਰ ਦਾ ਕੋਈ ਸਾਧਨ ਨਹੀਂ ਸੀ, ਉਹ ਇੱਕ ਚਿੱਠੀ ਵਿੱਚ ਸੰਦੇਸ਼ ਲਿਖਦਾ ਸੀ ਅਤੇ ਆਪਣੀ ਪਤਨੀ ਨੂੰ ਇੱਕ ਕਬੂਤਰ ਦੇ ਦੁਆਰਾ ਭੇਜਦਾ ਸੀ, ਜਿਸਨੂੰ ਉਹ ਆਪਣੇ ਨਾਲ ਲਿਆਇਆ ਸੀ।
ਉਹ ਕਬੂਤਰ, ਠੰਡ ਵਿੱਚ ਕੰਬ ਰਿਹਾ ਸੀ ਅਤੇ ਅਸਮਾਨ ਵਿੱਚ ਚੱਕਰ ਲਗਾ ਰਿਹਾ ਸੀ, ਆਖ਼ਰਕਾਰ ਦੱਖਣ ਦੇ ਵੱਲ ਉੱਡ ਗਿਆ। ਉਹ ਬਿਨਾਂ ਰੁਕੇ ਹਜ਼ਾਰਾਂ ਮੀਲ ਉੱਡਦਾ ਰਿਹਾ, ਉਸ ਵਿਗਿਆਨੀ ਦੇ ਘਰ ਪਹੁੰਚਿਆ ਅਤੇ ਉਸ ਚਿੱਠੀ ਦੇ ਨਾਲ ਉਸਦੀ ਪਤਨੀ ਦੀ ਗੋਦ ਵਿੱਚ ਜਾ ਡਿੱਗਿਆ। ਅਤੇ ਉਹ ਚਿੱਠੀ ਪ੍ਰਾਪਤ ਕਰਕੇ ਉਸਨੂੰ ਬਹੁਤ ਖੁਸ਼ੀ ਅਤੇ ਦਿਲਾਸਾ ਮਿਲਿਆ।
ਪ੍ਰਭੂ ਯਿਸੂ ਨੇ ਵੀ, ਇੱਕ ਵਾਰ ਸਵਰਗ ਵਿੱਚ ਜਾਣ ਦੇ ਬਾਅਦ, ਪਵਿੱਤਰ ਆਤਮਾ, ਸਵਰਗੀ ਕਬੂਤਰ ਨੂੰ ਆਪਣੇ ਚੇਲਿਆਂ ਦੇ ਵਿਚਕਾਰ ਭੇਜਿਆ ਸੀ। ਪ੍ਰਮੇਸ਼ਵਰ ਦੇ ਬੱਚਿਓ, ਪਵਿੱਤਰ ਆਤਮਾ ਤੁਹਾਡਾ ਆਨੰਦ, ਦਿਲਾਸਾ ਅਤੇ ਇਲਾਹੀ ਸ਼ਕਤੀ ਹੈ। ਅੱਜ ਵੀ, ਪਵਿੱਤਰ ਆਤਮਾ ਤੁਹਾਨੂੰ ਆਪਣੀ ਮਿੱਠੀ ਹਜ਼ੂਰੀ ਨਾਲ ਭਰ ਦੇਵੇ। ਅਤੇ ਤੁਹਾਨੂੰ ਦਿਲਾਸਾ ਦੇਵੇ!
ਅਭਿਆਸ ਕਰਨ ਲਈ – “ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਕਹਿ ਕੇ ਪੁਕਾਰਦੇ ਹਾਂ”(ਰੋਮੀਆਂ 8:15)।