No products in the cart.
ਜੂਨ 15 – ਇਕੱਲੇਪਣ ਵਿੱਚ ਦਿਲਾਸਾ!
“ਤਾਂ ਵੀ ਮੈਂ ਇਕੱਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ”(ਯੂਹੰਨਾ ਦੀ ਇੰਜੀਲ 16:32)।
ਇਕੱਲਾਪਣ ਦਰਦ ਨੂੰ ਲਿਆਉਂਦਾ ਹੈ ਅਤੇ ਦਿਲ ਨੂੰ ਥਕਾ ਦਿੰਦਾ ਹੈ। ਅਤੇ ਆਪਣੇ ਕੰਮ ਦੇ ਕਾਰਨ, ਜੇਕਰ ਤੁਸੀਂ ਆਪਣੇ ਪਰਿਵਾਰ ਤੋਂ ਦੂਰ ਹੁੰਦੇ ਹੋ ਅਤੇ ਦੂਰ ਕਿਸੇ ਦੇਸ਼ ਵਿੱਚ ਰਹਿੰਦੇ ਹੋ, ਤਾਂ ਇਹ ਸਭ ਤੁਹਾਡੇ ਦਿਲ ਨੂੰ ਦੁੱਖੀ ਕਰਦਾ ਹੈ।
ਜਦੋਂ ਆਪਣਿਆਂ ਨੂੰ ਦੂਰ ਮੰਜ਼ਿਲ ਉੱਤੇ ਲਿਜਾਇਆ ਜਾਂਦਾ ਹੈ, ਤਾਂ ਤੁਸੀਂ ਇਕੱਲੇਪਣ ਨਾਲ ਭਰੇ ਹੁੰਦੇ ਹੋ। ਭਾਵੇਂ ਹੀ ਤੁਹਾਡੇ ਪਰਿਵਾਰ ਵਿੱਚ ਕਈ ਮੈਂਬਰ ਹੋਣ, ਪਰ ਤੁਹਾਡੇ ਪ੍ਰਤੀ ਸੱਚਾ ਪਿਆਰ ਅਤੇ ਮੁਹੱਬਤ ਦਿਖਾਉਣ ਵਾਲਾ ਕੋਈ ਨਹੀਂ ਹੈ, ਜਾਂ ਜੇਕਰ ਉਹ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਅਤੇ ਤੁਹਾਡੇ ਬਾਰੇ ਬੁਰਾ ਬੋਲਦੇ ਹਨ, ਤਾਂ ਤੁਸੀਂ ਆਪਣੇ ਹੀ ਘਰ ਵਿੱਚ ਉੱਥਲ – ਪੁੱਥਲ ਮਹਿਸੂਸ ਕਰੋਂਗੇ।
ਅਜਿਹੀ ਸਥਿਤੀ ਵਿੱਚ ਇਹ ਕਦੇ ਨਾ ਭੁੱਲੋ ਕਿ ਪ੍ਰਭੂ ਹਮੇਸ਼ਾ ਤੁਹਾਡੇ ਨਾਲ ਹੈ। ਉਸਦੀ ਸੰਗਤੀ ਅਤੇ ਹਜ਼ੂਰੀ ਹਮੇਸ਼ਾਂ ਤੁਹਾਡੇ ਨਾਲ ਹੈ। ਉਸ ਦੇ ਨਾਲ ਗੱਲਬਾਤ ਕਰਨ ਦੇ ਲਈ ਉਸਦੀ ਦਯਾ ਦਾ ਸਿੰਘਾਸਣ ਹਮੇਸ਼ਾ ਤੁਹਾਡੇ ਲਈ ਉਪਲੱਬਧ ਹੈ।
ਯਿਸੂ ਮਸੀਹ ਨੇ ਇਸ ਤੱਥ ਉੱਤੇ ਮਾਣ ਕੀਤਾ ਕਿ ਉਹ ਕਦੇ ਵੀ ਇਕੱਲਾ ਨਹੀਂ ਸੀ, ਕਿਉਂਕਿ ਪਿਤਾ ਹਮੇਸ਼ਾ ਉਸ ਦੇ ਨਾਲ ਸੀ। ਪ੍ਰਮੇਸ਼ਵਰ ਦੇ ਨਾਲ ਗੂੜ੍ਹੀ ਅਤੇ ਨਿੱਜੀ ਸਾਂਝ ਪਾਉਣ ਦੇ ਲਈ, ਉਹ ਪਹਾੜ ਦੀ ਚੋਟੀ ਉੱਤੇ ਜਾਂਦੇ ਸੀ ਅਤੇ ਪਿਤਾ ਦੇ ਨਾਲ ਗੱਲਬਾਤ ਕਰਦੇ ਸੀ। ਅਸੀਂ ਪਵਿੱਤਰ ਸ਼ਾਸਤਰ ਵਿੱਚ ਦੇਖਦੇ ਹਾਂ ਕਿ ਜਦੋਂ ਉਸਨੂੰ ਸਲੀਬ ਚੁੱਕਣੀ ਪਈ, ਤਦ ਵੀ ਉਹ ਪਿਤਾ ਦੇ ਨਾਲ ਲਗਾਤਾਰ ਸੰਗਤੀ ਅਤੇ ਮੇਲ-ਮਿਲਾਪ ਵਿੱਚ ਸੀ।
ਹਨੋਕ ਇਕੱਲੇਪਣ ਦੇ ਸਮੇਂ ਨੂੰ ਪ੍ਰਮੇਸ਼ਵਰ ਦੇ ਨਾਲ ਆਨੰਦਦਾਇਕ ਏਕਤਾ ਦੇ ਪਲਾਂ ਵਿੱਚ ਬਦਲਣ ਦੀ ਇੱਕ ਮਹਾਨ ਉਦਾਹਰਣ ਸੀ। ਉਸ ਦੇ ਲਈ, ਇਕੱਲਾ ਸਮਾਂ ਇੰਨਾਂ ਆਨੰਦਦਾਇਕ ਸੀ ਅਤੇ ਉਸ ਦੇ ਕੋਲ ਇਹ ਗਵਾਹੀ ਸੀ, ਕਿ ਉਸਨੇ ਪ੍ਰਮੇਸ਼ਵਰ ਨੂੰ ਖੁਸ਼ ਕੀਤਾ ਸੀ। ਉਸਨੂੰ ਪਰਮੇਸ਼ੁਰ ਦਾ ਨਬੀ ਕਿਹਾ ਗਿਆ, ਅਤੇ ਆਉਣ ਵਾਲੇ ਸਮੇਂ ਦੇ ਬਾਰੇ ਭਵਿੱਖਬਾਣੀ ਕੀਤੀ, ਅਤੇ ਪਵਿੱਤਰ ਸ਼ਾਸਤਰ ਵਿੱਚ ਇੱਕ ਸਥਾਈ ਜ਼ਿਕਰ ਪਾਇਆ ਗਿਆ।
ਨੂਹ, ਜਦੋਂ ਉਸਨੇ ਕਿਸ਼ਤੀ ਬਣਾਈ, ਉਹ ਬਿਲਕੁੱਲ ਇਕੱਲਾ ਸੀ। ਉਸ ਦੀ ਪੀੜ੍ਹੀ ਦੇ ਲੱਖਾਂ ਵਿੱਚੋਂ, ਕੇਵਲ ਉਸ ਦਾ ਪਰਿਵਾਰ ਹੀ ਪ੍ਰਭੂ ਦੇ ਲਈ ਖੜ੍ਹਾ ਸੀ। ਉਹ ਇਕੱਲਾ ਖੜ੍ਹਾ ਸੀ ਅਤੇ ਪਰਮੇਸ਼ੁਰ ਦੇ ਵਚਨ ਦਾ ਪ੍ਰਚਾਰ ਕਰਦਾ ਸੀ, ਅਤੇ ਉਸ ਨੂੰ ਸਾਰੀ ਸ਼ਰਮ, ਅਪਮਾਨ ਅਤੇ ਮਜ਼ਾਕ ਨੂੰ ਸਹਿਣਾ ਪਿਆ। ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਅੰਤ ਵਿੱਚ, ਉਹ ਜਿੱਤਿਆ ਅਤੇ ਅਦਭੁੱਤ ਢੰਗ ਨਾਲ ਪਰਮੇਸ਼ੁਰ ਦੀ ਕਿਸ਼ਤੀ ਵਿੱਚ ਦਾਖ਼ਲ ਹੋਇਆ।
ਯਾਕੂਬ ਆਪਣੇ ਭਰਾ ਏਸਾਓ ਤੋਂ ਡਰਦਾ ਹੋਇਆ ਯਬੋਕ ਦੇ ਘਾਟ ਕੋਲ ਇਕੱਲਾ ਖੜ੍ਹਾ ਸੀ, ਜੋ ਦੂਜੇ ਪਾਸੇ ਸੀ। ਉਸ ਨੂੰ ਆਪਣੇ ਸਹੁਰੇ ਦਾ ਸਹਾਰਾ ਨਹੀਂ ਸੀ, ਕਿਉਂਕਿ ਉਸ ਦਾ ਪਰਿਵਾਰ ਅਲੱਗ ਸਫ਼ਰ ਕਰ ਰਿਹਾ ਸੀ। ਪਰ ਉਸ ਨੇ ਇਕੱਲੇਪਣ ਅਤੇ ਡਰ ਦੇ ਉਸ ਸਮੇਂ ਨੂੰ ਆਪਣੇ ਫਾਇਦੇ ਦੇ ਲਈ ਇਸਤੇਮਾਲ ਕੀਤਾ। ਉਹ ਪ੍ਰਮੇਸ਼ਵਰ ਦੇ ਨਾਲ ਲੜਿਆ ਅਤੇ ਉਸ ਤੋਂ ਬਰਕਤ ਮੰਗੀ। ਅਤੇ ਅਸੀਂ ਜਾਣਦੇ ਹਾਂ ਕਿ ਕਿਵੇਂ ਉਨ੍ਹਾਂ ਇਕੱਲੇ ਪਲਾਂ ਨੇ ਸਥਿਤੀ ਵਿੱਚ ਇੱਕ ਭਾਰੀ ਤਬਦੀਲੀ ਅਤੇ ਯਾਕੂਬ ਦੇ ਲਈ ਸਦੀਪਕ ਬਰਕਤਾਂ ਨੂੰ ਲਿਆਂਦਾ। ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਤੁਹਾਨੂੰ ਤੁਹਾਡੇ ਇਕੱਲੇ ਪਲਾਂ ਵਿੱਚ ਵੀ ਬਰਕਤ ਦੇਣਗੇ ਅਤੇ ਤੁਹਾਨੂੰ ਦਿਲਾਸਾ ਦੇਣਗੇ।
ਅਭਿਆਸ ਕਰਨ ਲਈ – “ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ”(ਯੂਹੰਨਾ ਦੀ ਇੰਜੀਲ 14:18)।