Appam - Punjabi

ਜੂਨ 05 – ਮੁਸੀਬਤ ਵਿੱਚ ਦਿਲਾਸਾ!

“ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ੁਰ ਉੱਤੇ ਭਰੋਸਾ ਕਰੋ ਅਤੇ ਮੇਰੇ ਉੱਤੇ ਵੀ ਭਰੋਸਾ ਕਰੋ”(ਯੂਹੰਨਾ ਦੀ ਇੰਜੀਲ 14:1)।

ਇਸ ਦੁਨੀਆਂ ਵਿੱਚ ਕੋਈ ਵੀ ਹੰਝੂਆਂ ਅਤੇ ਦੁਖੀ ਦਿਲ ਵਿੱਚ ਨਹੀਂ ਰਹਿਣਾ ਚਾਹੁੰਦਾ। ਮੁਸੀਬਤ ਅਸਲ ਵਿੱਚ ਸ਼ੈਤਾਨ ਦਾ ਪਰਤਾਵਾ ਹੈ। ਕੁੱਝ ਲੋਕ, ਜਦੋਂ ਉਹ ਪਰੇਸ਼ਾਨ ਹੁੰਦੇ ਹਨ, ਆਪਣੇ ਕੰਮਾਂ ਦੇ ਪ੍ਰਭਾਵ ਤੋਂ ਜਾਣੂ ਨਹੀਂ ਹੁੰਦੇ ਅਤੇ ਵੱਡੀਆਂ ਗਲਤੀਆਂ ਕਰਦੇ ਹਨ। ਕੁੱਝ ਲੋਕ ਹਮੇਸ਼ਾ ਪਰੇਸ਼ਾਨ ਅਤੇ ਤਣਾਅ ਵਿੱਚ ਰਹਿੰਦੇ ਹਨ।

ਬਹੁਤ ਸਾਰੇ ਲੋਕਾਂ ਦੇ ਦਿਲ ਦੁਖੀ ਹੋ ਜਾਂਦੇ ਹਨ ਜਦੋਂ ਉਹ ਦੁਖਦਾਈ ਖ਼ਬਰ ਸੁਣਦੇ ਹਨ। ਕੁੱਝ ਲੋਕ ਉਦੋਂ ਪਰੇਸ਼ਾਨ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਕਠੋਰ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਆਪਣੇ ਗੁੱਸੇ ਦੇ ਕਾਰਨ ਤਣਾਅਪੂਰਣ ਅਤੇ ਪਰੇਸ਼ਾਨ ਹੋ ਜਾਂਦੇ ਹਨ।

ਪ੍ਰਮੇਸ਼ਵਰ ਦੇ ਬੱਚਿਆਂ ਦੇ ਰੂਪ ਵਿੱਚ, ਤੁਹਾਨੂੰ ਆਪਣੇ ਦਿਲ ਵਿੱਚ ਕਦੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਹੈ। ਆਪਣੀਆਂ ਮੁਸੀਬਤਾਂ ਅਤੇ ਮੁਸ਼ਕਿਲਾਂ ਦੇ ਵਿਚਕਾਰ ਵੀ, ਪ੍ਰਮੇਸ਼ਵਰ ਦੀ ਹਜ਼ੂਰੀ ਦੇ ਵੱਲ ਦੌੜਨਾ ਚਾਹੀਦਾ ਹੈ। ਮਨੁੱਖਾਂ ਦੀ ਕਿਰਪਾ ਦੀ ਭਾਲ ਨਾ ਕਰੋ, ਸਗੋਂ ਪ੍ਰਭੂ ਦੇ ਚਰਨਾਂ ਵਿੱਚ ਬੈਠੋ। ਪਵਿੱਤਰ ਸ਼ਾਸਤਰ ਵਿੱਚ, ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਕਿ ਕਿਵੇਂ ਪ੍ਰਮੇਸ਼ਵਰ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਮੁਸੀਬਤਾਂ ਤੋਂ ਬਚਾਇਆ ਗਿਆ, ਜਦੋਂ ਉਹਨਾਂ ਨੇ ਪ੍ਰਭੂ ਨੂੰ ਲੱਭਿਆ।

ਇੱਕ ਵਾਰ, ਜਦੋਂ ਯਿਸੂ ਅਤੇ ਉਸਦੇ ਚੇਲੇ ਕਿਸ਼ਤੀ ਵਿੱਚ ਸਫ਼ਰ ਕਰ ਰਹੇ ਸਨ, ਤਾਂ ਇੱਕ ਵੱਡਾ ਤੂਫ਼ਾਨ ਆਇਆ ਅਤੇ ਲਹਿਰਾਂ ਕਿਸ਼ਤੀ ਨਾਲ ਟਕਰਾ ਗਈਆਂ, ਇੱਥੋਂ ਤੱਕ ਕਿ ਜਿਵੇਂ ਇਹ ਭਰਨ ਵਾਲੀ ਹੀ ਸੀ। ਚੇਲੇ ਆਪਣੇ ਮਨ ਵਿੱਚ ਬਹੁਤ ਡਰੇ ਹੋਏ ਅਤੇ ਘਬਰਾਏ ਹੋਏ ਸਨ। ਪਰ ਯਿਸੂ ਕਿਸ਼ਤੀ ਦੇ ਪਿੱਛਲੇ ਸਿਰੇ ਵੱਲ ਸਿਰਹਾਣਾ ਰੱਖ ਕੇ ਸੁੱਤਾ ਪਿਆ ਸੀ। ਅਤੇ ਚੇਲਿਆਂ ਨੇ ਉਸਨੂੰ ਜਗਾਇਆ, ਅਤੇ ਉਸਨੂੰ ਆਖਿਆ: “ਗੁਰੂ ਜੀ ਤੁਹਾਨੂੰ ਸਾਡਾ ਕੋਈ ਫ਼ਿਕਰ ਨਹੀਂ ਜੋ ਅਸੀਂ ਡੁੱਬ ਚੱਲੇ ਹਾਂ?”(ਮਰਕੁਸ ਦੀ ਇੰਜੀਲ 4:38)।

ਤਦ ਉਹ ਉੱਠਿਆ ਅਤੇ ਤੂਫ਼ਾਨ ਨੂੰ ਝਿੜਕਿਆ ਅਤੇ ਝੀਲ ਨੂੰ ਆਖਿਆ, “ਚੁੱਪ ਕਰ ਥੰਮ੍ਹ ਜਾ! ਅਤੇ ਤੂਫ਼ਾਨ ਥੰਮ੍ਹ ਗਿਆ ਅਤੇ ਵੱਡਾ ਚੈਨ ਹੋ ਗਿਆ। ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਆਇਆ?”(ਮਰਕੁਸ ਦੀ ਇੰਜੀਲ 4:39,40)।

ਅਸੀਂ ਪਵਿੱਤਰ ਸ਼ਾਸਤਰ ਵਿੱਚ ਹੰਨਾਹ ਦੇ ਬਾਰੇ ਵੀ ਪੜ੍ਹਦੇ ਹਾਂ ਜਿਸ ਨੇ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਆਪਣੇ ਦਿਲ ਦੇ ਦਰਦ ਨੂੰ ਰੱਖਿਆ। ਅਤੇ ਮਰਿਯਮ ਦੇ ਬਾਰੇ, ਜਿਸ ਨੇ ਚੰਗਾ ਹਿੱਸਾ ਚੁਣਿਆ ਅਤੇ ਪ੍ਰਭੂ ਦੇ ਚਰਨਾਂ ਵਿੱਚ ਬੈਠ ਗਈ। ਤੁਸੀਂ ਵੀ ਪ੍ਰਭੂ ਦੇ ਕੋਲ ਆਓ। ਕਿਉਂਕਿ ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ, ਉਹ ਜ਼ਰੂਰ ਹੀ ਤੁਹਾਡੇ ਲਈ ਚਮਤਕਾਰ ਕਰੇਗਾ ਅਤੇ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਜਿਹੜਾ ਪਰਤੀਤ ਕਰਦਾ ਹੈ, ਉਹ ਘਬਰਾ ਕੇ ਕਾਹਲੀ ਨਹੀਂ ਕਰੇਗਾ”(ਯਸਾਯਾਹ 28:16)। ਇਸ ਆਇਤ ਦੇ ਅਨੁਸਾਰ, ਜੇਕਰ ਤੁਸੀਂ ਕਿਸੇ ਵੀ ਸਥਿਤੀ ਵਿੱਚ ਕਾਹਲੀ ਨਾਲ ਕੰਮ ਕਰਦੇ ਹੋ, ਤਾਂ ਇਸਦਾ ਮਤਲਬ ਸਿਰਫ ਇਹ ਹੈ ਕਿ ਤੁਹਾਡੇ ਕੋਲ ਪੂਰਾ ਵਿਸ਼ਵਾਸ ਨਹੀਂ ਹੈ। ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਉੱਤੇ ਵਿਸ਼ਵਾਸ ਰੱਖੋ ਅਤੇ ਉਹ ਤੁਹਾਡੀਆਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰ ਦੇਵੇਗਾ ਅਤੇ ਤੁਹਾਨੂੰ ਸ਼ਾਂਤੀ ਦੇਵੇਗਾ।

ਅਭਿਆਸ ਕਰਨ ਲਈ – “ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ”(ਫਿਲਿੱਪੀਆਂ 4:7)।

Leave A Comment

Your Comment
All comments are held for moderation.