No products in the cart.
ਨਵੰਬਰ 03 – ਯਾਕੂਬ ਤੋਂ ਵੀ ਮਹਾਨ!
“ਕੀ ਤੁਸੀਂ ਸਾਡੇ ਪਿਤਾ ਯਾਕੂਬ ਨਾਲੋਂ ਵੀ ਵੱਧ ਮਹਾਨ ਹੋ। ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ ਹੈ”(ਯੂਹੰਨਾ ਦੀ ਇੰਜੀਲ 4:12)।
ਉਸ ਸਾਮਰੀ ਔਰਤ ਨੇ ਦਲੇਰੀ ਨਾਲ ਪ੍ਰਭੂ ਨੂੰ ਪੁੱਛਿਆ, ਕਿ ਕੀ ਉਹ ਯਾਕੂਬ ਤੋਂ ਵੱਡਾ ਹੈ ਜਾਂ ਪਿਉ-ਦਾਦਿਆਂ ਤੋਂ? ਉਹ ਖੂਹ ਜਿਸ ਤੋਂ ਉਹ ਪਾਣੀ ਲੈਣ ਗਈ ਸੀ, ਉਹ ਯਾਕੂਬ ਦੁਆਰਾ ਪੁੱਟਿਆ ਗਿਆ ਖੂਹ ਸੀ। ਯਾਕੂਬ ਦੇ ਸਮੇਂ ਤੋਂ ਹਜ਼ਾਰਾਂ ਸਾਲ ਬੀਤ ਜਾਣ ਤੋਂ ਬਾਅਦ ਵੀ, ਉਹ ਖੂਹ ਨਾ ਤਾਂ ਡਿੱਗਿਆ ਅਤੇ ਨਾ ਹੀ ਸੁੱਕਿਆ।
ਇਹ ਖੂਹ ਸਾਮਰੀ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਦੀ ਪਿਆਸ ਬੁਝਾਉਣ ਦੇ ਲਈ ਪਾਣੀ ਮੁਹੱਈਆ ਕਰਵਾਉਂਦਾ ਸੀ। ਜਦੋਂ ਵੀ ਉਹ ਉਸ ਖੂਹ ਕੋਲੋਂ ਲੰਘਦੇ ਸੀ, ਉਹ ਯਾਕੂਬ ਨੂੰ ਦਿਲੋਂ ਯਾਦ ਕਰਦੇ ਸਨ, ਅਤੇ ਉਸ ਨੂੰ ਮਹਾਨ ਵਿਅਕਤੀ ਕਹਿ ਕੇ ਉਸਦੀ ਪ੍ਰਸ਼ੰਸਾ ਕਰਦੇ ਸਨ।
ਸਾਡੇ ਪ੍ਰਭੂ ਨੇ ਉਸ ਖੂਹ ਦੇ ਵੱਲ ਇਸ਼ਾਰਾ ਕੀਤਾ ਅਤੇ ਸਾਮਰੀ ਔਰਤ ਨੂੰ ਕਿਹਾ, “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ। ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸ ਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ”(ਯੂਹੰਨਾ ਦੀ ਇੰਜੀਲ 4:13,14)। ਇਸ ਸੰਸਾਰ ਦੇ ਕਿਸੇ ਵੀ ਖੂਹ ਦਾ ਪਾਣੀ ਸਦੀਪਕ ਜੀਵਨ ਦੇ ਪਾਣੀ ਦਾ ਮੇਲ ਨਹੀਂ ਕਰ ਸਕਦਾ; ਜਿਹੜਾ ਸਾਡਾ ਪ੍ਰਭੂ ਯਿਸੂ ਦਿੰਦਾ ਹੈ।
“ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ”(ਯਸਾਯਾਹ 12:3)। ਇੱਕ ਵਾਰ ਜਦੋਂ ਤੁਸੀਂ ਮੁਕਤੀ ਦਾ ਪਾਣੀ ਪੀ ਲੈਂਦੇ ਹੋ, ਤਾਂ ਤੁਸੀਂ ਦੁਬਾਰਾ ਕਦੇ ਪਿਆਸੇ ਨਹੀਂ ਰਹੋਂਗੇ। ਜਦੋਂ ਦਾਊਦ ਨੇ ਮੁਕਤੀ ਦੇ ਪਾਣੀ ਦੇ ਬਾਰੇ ਗੱਲ ਕੀਤੀ, ਤਾਂ ਉਸਨੇ ਕਿਹਾ; “ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ”(ਜ਼ਬੂਰਾਂ ਦੀ ਪੋਥੀ 116:13)। ਮੁਕਤੀ ਦਾ ਪਿਆਲਾ ਤੁਹਾਨੂੰ ਮੁਕਤੀ ਦੇ ਸੋਤੇ ਤੋਂ ਪਾਣੀ ਲੈਣ ਵਿੱਚ ਮਦਦ ਕਰਦਾ ਹੈ।
ਯਾਕੂਬ ਜਿਸਨੇ ਖੂਹ ਪੁੱਟਿਆ ਸੀ, ਉਸ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ। ਅੱਜ ਵੀ, ਲੋਕ ਉਸ ਵਿਅਕਤੀ ਨੂੰ ਆਪਣਾ ਆਦਰਸ਼ ਮੰਨਦੇ ਹਨ ਜਿਸ ਨੇ ਲੋੜ ਦੇ ਸਮੇਂ ਉਨ੍ਹਾਂ ਦੀ ਮਦਦ ਕੀਤੀ ਸੀ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਮਨੁੱਖਾਂ ਤੋਂ ਮਿਲੀ ਸਹਾਇਤਾ ਵੀ ਪ੍ਰਭੂ ਦਾ ਵਰਦਾਨ ਹੈ, ਅਤੇ ਉਹ ਅੰਤ ਵਿੱਚ ਉਨ੍ਹਾਂ ਮਨੁੱਖਾਂ ਦੀ ਵਡਿਆਈ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ।
ਸਰਕਾਰ ਨੇ ਇਹ ਸੂਚਿਤ ਕੀਤਾ ਹੈ ਕਿ ਜੇਕਰ ਕੋਈ ਈਸਾਈ ਧਰਮ ਅਪਣਾਉਂਦਾ ਹੈ, ਤਾਂ ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਭਾਈਚਾਰੇ ਦੇ ਆਧਾਰ ਉੱਤੇ ਕੋਈ ਰਿਆਇਤ ਨਹੀਂ ਮਿਲੇਗੀ, ਜਿਸ ਦਾ ਉਨ੍ਹਾਂ ਨੇ ਪਹਿਲਾਂ ਲਾਭ ਲਿਆ ਹੋਵੇਗਾ। ਇਸ ਲਈ, ਇਹਨਾਂ ਰਿਆਇਤਾਂ ਤੋਂ ਲਾਭ ਪ੍ਰਾਪਤ ਕਰਨਾ ਜਾਰੀ ਰੱਖਣ ਦੇ ਲਈ, ਕੁੱਝ ਲੋਕ ਇਹ ਐਲਾਨ ਕਰਦੇ ਹਨ ਕਿ ਉਹ ਈਸਾਈ ਨਹੀਂ ਹਨ ਅਤੇ ਗੈਰ-ਕੌਮਾਂ ਦੇ ਵਜੋਂ ਆਪਣੇ ਆਪ ਨੂੰ ਪੇਸ਼ ਕਰਦੇ ਰਹਿੰਦੇ ਹਨ। ਸਰਕਾਰੀ ਰਿਆਇਤਾਂ ਦੀ ਖ਼ਾਤਿਰ ਪ੍ਰਭੂ ਨੂੰ ਨਕਾਰਨਾ ਕਿੰਨੀ ਦਰਦਨਾਕ ਗੱਲ ਹੈ?!
ਕਈਆਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਖੜ੍ਹਨਾ ਪਵੇਗਾ, ਜਿਹੜਾ ਯਾਕੂਬ ਨਾਲੋਂ ਮਹਾਨ ਹੈ। ਉਹ ਨਿਆਂ ਦੇ ਦਿਨ ਕਦੇ ਵੀ ਆਪਣੇ ਦੁਨਿਆਵੀ ਕੰਮਾਂ ਨੂੰ ਜਾਇਜ਼ ਨਹੀਂ ਠਹਿਰਾ ਸਕਣਗੇ।
ਪਰਮੇਸ਼ੁਰ ਦੇ ਬੱਚਿਓ, ਤੁਹਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਯਾਕੂਬ ਤੋਂ ਵੀ ਮਹਾਨ ਤੁਹਾਡੇ ਨਾਲ ਹੈ।
ਅਭਿਆਸ ਕਰਨ ਲਈ – “ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!”(ਜ਼ਬੂਰਾਂ ਦੀ ਪੋਥੀ 146:5)