Appam - Punjabi

ਜੁਲਾਈ 29 – ਇੱਕ ਜਿਹੜਾ ਉਸਤਤ ਕਰਦਾ ਹੈ!

“ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ”(ਜ਼ਬੂਰਾਂ ਦੀ ਪੋਥੀ 50:23)।

ਜ਼ਬੂਰਾਂ ਦੀ ਪੋਥੀ 50 ਅਧਿਆਏ ਨੂੰ ਆਸਾਫ਼ ਦਾ ਜ਼ਬੂਰ ਕਿਹਾ ਜਾਂਦਾ ਹੈ, ਜਿਹੜਾ ਦਾਊਦ ਦੀ ਗੀਤਕਾਰ ਮੰਡਲੀ ਵਿੱਚ ਹੁਨਰ ਸੰਗੀਤਕਾਰਾਂ ਵਿੱਚੋਂ ਇੱਕ ਸੀ। ਉਹ ਪਿੱਤਲ ਦੇ ਛੈਣੇ ਵਜਾਉਣ ਵਿੱਚ ਪ੍ਰਤਿਭਾਸ਼ਾਲੀ ਸੀ (1 ਇਤਿਹਾਸ 15:19)। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ ਕਿ ਉਹ ਇੱਕ ਨਬੀ ਸੀ ਅਤੇ ਉਸਨੇ ਪਰਮੇਸ਼ੁਰ ਦੀ ਉਸਤਤ ਵਿੱਚ ਬਹੁਤ ਸਾਰੇ ਗੀਤਾਂ ਦੀ ਰਚਨਾ ਕੀਤੀ (2 ਇਤਿਹਾਸ 29:30)।

ਇੱਕ ਮਹਾਨ ਰੂਹਾਨੀ ਭੇਤ ਜਿਹੜਾ ਉਸਨੂੰ ਮਿਲਿਆ ਉਹ ਹੈ ‘ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ'(ਜ਼ਬੂਰਾਂ ਦੀ ਪੋਥੀ 50:23)। “ਅਬਰਾਹਾਮ ਨੇ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ”(ਰੋਮੀਆਂ 4:20)। ਜਦੋਂ ਉਸਤਤ ਕੀਤੀ ਜਾਂਦੀ ਹੈ, ਤਾਂ ਪ੍ਰਮੇਸ਼ਵਰ ਜਿਹੜਾ ਉਸਤਤਾਂ ਦੇ ਅੰਦਰ ਵੱਸਦਾ ਹੈ, ਉਸ ਸਥਾਨ ਉੱਤੇ ਉਤਰਦਾ ਹੈ। ਉਹ ਸਾਰਾ ਸਥਾਨ ਰੂਹਾਨੀ ਹਜ਼ੂਰੀ ਅਤੇ ਪ੍ਰਮੇਸ਼ਵਰ ਦੀ ਉਸਤਤ ਨਾਲ ਭਰਿਆ ਹੋਇਆ ਹੈ। ਕਿਉਂਕਿ ਦਾਊਦ ਨੇ ਉਸਦਾ ਸੁਆਦ ਚੱਖਿਆ ਹੋਇਆ ਹੈ, ਉਸਨੇ ਕਿਹਾ ਕਿ ਉਹ ਦਿਨ ਵਿੱਚ ਸੱਤ ਵਾਰ ਯਹੋਵਾਹ ਦੀ ਉਸਤਤ ਕਰਦਾ ਹੈ (ਜ਼ਬੂਰਾਂ ਦੀ ਪੋਥੀ 119:164)।

ਅਸੀਂ ਇਸ ਸੰਸਾਰ ਵਿੱਚ ਜਿੰਨੇ ਥੋੜੇ ਸਮੇਂ ਦੇ ਲਈ ਹਾਂ, ਪ੍ਰਮੇਸ਼ਵਰ ਦੀ ਉਸਤਤ ਕਰਨ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾ ਲਓ। ਜਦੋਂ ਤੁਸੀਂ ਪ੍ਰਭੂ ਦੇ ਬਾਰੇ ਗਵਾਹੀ ਦਿੰਦੇ ਹੋ, ਤਾਂ ਉਸ ਦੀ ਵਡਿਆਈ ਹੁੰਦੀ ਹੈ। ਜਦੋਂ ਤੁਸੀਂ ਦੂਸਰਿਆਂ ਦੀ ਸੇਵਾ ਕਰਨ ਵਿੱਚ ਇੱਕ ਮਿਸਾਲ ਕਾਇਮ ਕਰਦੇ ਹੋ, ਤਾਂ ਤੁਹਾਡੇ ਚੰਗੇ ਕੰਮਾਂ ਦੇ ਦੁਆਰਾ ਪ੍ਰਭੂ ਦੀ ਉਸਤਤ ਹੁੰਦੀ ਹੈ।

ਪਵਿੱਤਰ ਸ਼ਾਸਤਰ ਹੇਠਲੀ ਆਇਤ ਵਿੱਚ ਇੱਕ ਸਪੱਸ਼ਟ ਚੇਤਾਵਨੀ ਵੀ ਦਿੰਦਾ ਹੈ। “ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ”(ਰੋਮੀਆਂ 1:21)। ਸਿਰਫ਼ ਦਿਲ ਹੀ ਨਹੀਂ, ਪਰ ਬਹੁਤ ਸਾਰੇ ਪਰਿਵਾਰ ਵਿੱਚ ਹਨੇਰੇ ਛਾ ਗਿਆ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਉਸਤਤ ਅਤੇ ਵਡਿਆਈ ਕਰਨ ਵਿੱਚ ਅਸਫ਼ਲ ਹੋ ਰਹੇ ਹਨ।

ਪਰ ਪ੍ਰਭੂ ਚਾਹੁੰਦਾ ਹੈ ਕਿ ਤੁਹਾਡਾ ਘਰ ਚੰਗੀ ਤਰ੍ਹਾਂ ਰੋਸ਼ਨੀ ਨਾਲ ਚਮਕਦਾ ਰਹੇ ਅਤੇ ਹਮੇਸ਼ਾ ਇਸ ਤਰ੍ਹਾਂ ਹੀ ਚਮਕਦਾ ਰਹੇ। ਤੁਹਾਡਾ ਘਰ ਪ੍ਰਮੇਸ਼ਵਰ ਦੀ ਉਸਤਤ ਨਾਲ ਭਰ ਜਾਵੇ, ਅਤੇ ਉਸਦੇ ਦੂਤ ਤੁਹਾਡੇ ਘਰ ਵਿੱਚ ਘੁੰਮਦੇ ਰਹਿਣ। ਆਪਣੇ ਘਰ ਨੂੰ ਪ੍ਰਾਰਥਨਾ ਦੀ ਆਤਮਾ ਨਾਲ ਭਰ ਦਿਓ ਅਤੇ ਆਪਣੇ ਆਪ ਨੂੰ ਹਰ ਸਮੇਂ ਪ੍ਰਮੇਸ਼ਵਰ ਦੀ ਉਸਤਤ ਕਰਨ ਦੇ ਲਈ ਪ੍ਰੇਰਿਤ ਕਰੋ। ਹਰ ਸਮੇਂ ਉਸ ਦੀ ਉਸਤਤ ਅਤੇ ਆਰਾਧਨਾ ਕਰਨ ਦੇ ਲਈ ਆਪਣੇ ਦਿਲ ਵਿੱਚ ਦ੍ਰਿੜ੍ਹ ਫ਼ੈਸਲਾ ਕਰੋ।

ਸਾਡੇ ਪ੍ਰਭੂ ਯਿਸੂ ਨੇ ਉਸਦੀ ਪ੍ਰਾਰਥਨਾ ਨੂੰ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ ਹੀ ਉਸਤਤ ਅਤੇ ਧੰਨਵਾਦ ਦਾ ਬਲੀਦਾਨ ਚੜਾਇਆ। ਉਹ ਲਾਜ਼ਰ ਦੀ ਕਬਰ ਦੇ ਸਾਮ੍ਹਣੇ ਖੜ੍ਹਾ ਹੋ ਗਿਆ, ਉਸਨੇ ਆਪਣੀਆਂ ਅੱਖਾਂ ਸਵਰਗ ਵੱਲ ਉਠਾਈਆਂ ਅਤੇ ਕਿਹਾ, “ਪਿਤਾ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਸੁਣਿਆ ਹੈ। ਪਿਤਾ ਪਰਮੇਸ਼ੁਰ ਦੀ ਉਸਤਤ ਅਤੇ ਵਡਿਆਈ ਕਰਨ ਤੋਂ ਬਾਅਦ, ਉਸਨੇ ਲਾਜ਼ਰ ਨੂੰ ਬਾਹਰ ਆਉਣ ਦਾ ਹੁਕਮ ਦਿੱਤਾ। ਅਤੇ ਜਿਵੇਂ ਉਸਨੇ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਹੀ ਲਾਜ਼ਰ ਜੀਉਂਦਾ ਬਾਹਰ ਆਇਆ।

ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਜੀਵਨ ਵਿੱਚ ਉਸਤਤ, ਧੰਨਵਾਦ ਅਤੇ ਆਰਾਧਨਾ ਦੇ ਮਹੱਤਵ ਨੂੰ ਸਮਝੋ। ਉਸਤਤ ਅਤੇ ਧੰਨਵਾਦ ਦੇ ਨਾਲ ਸੁੱਕੀਆਂ ਹੱਡੀਆਂ ਵੀ ਫਿਰ ਤੋਂ ਜਿਉਂਦੀਆਂ ਹੋ ਜਾਣਗੀਆਂ।

ਅਭਿਆਸ ਕਰਨ ਲਈ – “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ”(ਫਿਲਿੱਪੀਆਂ 4:6,7)।

Leave A Comment

Your Comment
All comments are held for moderation.