ਅਗਸਤ 17 – ਤੁਸੀਂ ਕਿਸਨੂੰ ਖੁਸ਼ ਕਰਦੇ ਹੋ?

“ਅਸੀਂ ਜੋ ਵਿਸ਼ਵਾਸ ਵਿੱਚ ਤਕੜੇ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਾਰ ਲਈਏ, ਨਾ ਕੇ ਆਪਣੇ ਆਪ ਨੂੰ ਖੁਸ਼ ਕਰੀਏ”(ਰੋਮੀਆਂ 15:1)।

ਤੁਸੀਂ ਕਿਸਨੂੰ ਖੁਸ਼ ਕਰਦੇ ਹੋ? ਤੁਹਾਡਾ ਜੀਵਨ ਕਿਸ ਉੱਤੇ ਨਿਰਭਰ ਰਹਿੰਦਾ ਹੈ? ਤੁਸੀ ਕਿਸ ਦੇ ਵੱਲ ਭੱਜ ਰਹੇ ਹੋ? ਕੁੱਝ ਲੋਕ ਆਪਣੇ ਆਪ ਨੂੰ ਖੁਸ਼ ਕਰਦੇ ਹਨ। ਕੁੱਝ ਦੂਸਰੇ ਹੋਰ ਲੋਕਾਂ ਨੂੰ ਖੁਸ਼ ਕਰਦੇ ਹਨ। ਜਿਹੜੇ ਆਪਣੇ ਆਪ ਨੂੰ ਖੁਸ਼ ਕਰਦੇ ਹਨ ਉਹ ਸਵਾਰਥੀ ਬਣੇ ਰਹਿੰਦੇ ਹਨ। ਜਿਹੜੇ ਲੋਕ ਦੂਸਰਿਆਂ ਨੂੰ ਖੁਸ਼ ਕਰਦੇ ਹਨ ਉਹ ਅੰਤ ਵਿੱਚ ਦੁੱਖੀ ਹੁੰਦੇ ਹਨ। ਪਰ, ਜਿਹੜੇ ਪ੍ਰਮੇਸ਼ਵਰ ਨੂੰ ਖੁਸ਼ ਕਰਦੇ ਹਨ ਉਹ ਹਮੇਸ਼ਾਂ ਦੇ ਲਈ ਖੁਸ਼ ਰਹਿੰਦੇ ਹਨ।

ਪਿਲਾਤੁਸ ਨੂੰ ਦੇਖੋ! ਉਹ ਭੀੜ ਨੂੰ ਖੁਸ਼ ਕਰਨਾ ਚਾਹੁੰਦਾ ਸੀ (ਮਰਕੁਸ 15:15)। ਉਸਦੀ ਇਹ ਗਲਤ ਸੋਚ ਸੀ ਕੀ ਲੋਕਾਂ ਨੂੰ ਖੁਸ਼ ਕਰਨ ਨਾਲ ਉਸਨੂੰ, ਲੰਬੇ ਸਮੇਂ ਤੱਕ ਉੱਚੇ ਅਹੁਦੇ ਉੱਤੇ ਬਣੇ ਰਹਿਣ ਵਿੱਚ ਮਦਦ ਮਿਲੇਗੀ। ਉਸਨੇ ਸੋਚਿਆ, ‘ਲੋਕ ਬਰੱਬਾ ਨੂੰ ਰਿਹਾ ਕਰਨਾ ਪਸੰਦ ਕਰਦੇ ਹਨ। ਜੇਕਰ ਮੈਂ ਸਾਰੇ ਲੋਕਾਂ ਨੂੰ ਖੁਸ਼ ਕਰਦਾ ਹਾਂ, ਤਾਂ ਉਹ ਮੇਰਾ ਸਮੱਰਥਨ ਕਰਨਗੇ ਅਤੇ ਇਸ ਤਰ੍ਹਾਂ, ਮੈਂ ਵਰਤਮਾਨ ਸਮੇਂ ਵਿੱਚ ਉੱਚੇ ਅਹੁਦੇ ਉੱਤੇ ਬਣਿਆ ਰਹਿ ਸਕਦਾ ਹਾਂ। ਮੈਨੂੰ ਦੂਸਰਿਆਂ ਤੋਂ ਤੋਹਫ਼ੇ ਮਿਲਦੇ ਰਹਿਣਗੇ ਅਤੇ ਮੈਂ ਬਿਨਾਂ ਕਿਸੇ ਵਿਰੋਧ ਦੇ ਰਾਜ ਚਲਾ ਸਕਦਾ ਹਾਂ।’ ਉਹ ਯਿਸੂ ਮਸੀਹ ਨੂੰ ਖੁਸ਼ ਨਹੀਂ ਕਰਨਾ ਚਾਹੁੰਦਾ ਸੀ। ਉਸਨੇ ਸ਼ਾਇਦ ਸੋਚਿਆ ਹੋਵੇਗਾ ਕਿ ਯਿਸੂ ਨੂੰ ਖੁਸ਼ ਕਰਨਾ ਉਸਦੇ ਲਈ ਕਿਸੇ ਵੀ ਤਰ੍ਹਾਂ ਨਾਲ ਫ਼ਾਇਦੇਮੰਦ ਨਹੀਂ ਹੋਵੇਗਾ।

ਔਹ! ਇਤਿਹਾਸਿਕ ਕਿਤਾਬਾਂ ਕਹਿੰਦੀਆਂ ਹਨ ਕਿ ਪਿਲਾਤੁਸ ਦਾ ਅੰਤ ਦੁੱਖ ਭਰਿਆ ਸੀ। ਦੋਸ਼ੀ ਜ਼ਮੀਰ ਨਾਲ ਭਰ ਕੇ ਉਹ ਪਾਗਲਾਂ ਦੀ ਤਰ੍ਹਾਂ ਇੱਧਰ-ਉੱਧਰ ਭਟਕਦਾ ਫਿਰਦਾ ਸੀ। ਅੰਤ ਵਿੱਚ ਉਸਨੇ ਤਾਲਾਬ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪਿਲਾਤੁਸ ਦੀ ਤਰ੍ਹਾਂ ਲੋਕਾਂ ਨੂੰ ਖੁਸ਼ ਕਰਕੇ ਪ੍ਰਮੇਸ਼ਵਰ ਨੂੰ ਦੁੱਖੀ ਨਾ ਕਰੋ। ਹਮੇਸ਼ਾਂ ਯਿਸੂ ਮਸੀਹ ਨੂੰ ਖੁਸ਼ ਕਰੋ ਜਿਸਨੇ ਤੁਹਾਡੀਆਂ ਨਾਸਾਂ ਵਿੱਚ ਪ੍ਰਾਣ ਫੂਕ ਦਿੱਤਾ ਅਤੇ ਜਿਸਨੇ ਤੁਹਾਡੇ ਲਈ ਸਲੀਬ ਉੱਤੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ।

ਜ਼ਰੂਰ ਹੀ, ਤੁਹਾਨੂੰ ਆਪਣੀ ਪਤਨੀ, ਬੱਚਿਆਂ ਅਤੇ ਦੂਸਰੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਚਾਹੀਦਾ ਹੈ। ਪਰ ਕਿਸੇ ਵੀ ਸੰਸਾਰਿਕ ਰਿਸ਼ਤੇ ਦੇ ਪ੍ਰਤੀ ਪਿਆਰ ਪ੍ਰਗਟ ਕਰਨਾ, ਪ੍ਰਮੇਸ਼ਵਰ ਨੂੰ ਦੁੱਖੀ ਕਰਕੇ ਨਾ ਕਰੋ।

ਇੱਕ ਵਾਰ ਸੈਨਾ ਵਿੱਚ ਇੱਕ ਉੱਚੇ ਅਹੁਦੇ ਉੱਤੇ ਬੈਠੇ ਹੋਏ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਆਪਣੇ ਦੋਸਤਾਂ ਦੇ ਲਈ ਸ਼ਰਾਬ ਦੇਣ ਦੇ ਲਈ ਕਿਹਾ ਪਰ ਉਸਦੀ ਪਤਨੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਪਿਆਰ ਨਾਲ ਕਿਹਾ, “ਇੱਕ ਪਤਨੀ ਦੇ ਰੂਪ ਵਿੱਚ, ਤੁਹਾਡੇ ਪ੍ਰਤੀ ਮੇਰੀਆਂ ਕੁੱਝ ਜ਼ਿੰਮੇਵਾਰੀਆਂ ਹਨ। ਪਰ, ਮੈਂ ਤੁਹਾਨੂੰ ਖੁਸ਼ ਕਰਨ ਦੇ ਲਈ ਪ੍ਰਮੇਸ਼ਵਰ ਨੂੰ ਦੁੱਖੀ ਨਹੀਂ ਕਰਨਾ ਚਾਹੁੰਦੀ।”

ਇਸ ਦੁਨੀਆਂ ਵਿੱਚ ਤੁਹਾਡਾ ਜੀਵਨ ਥੋੜੇ ਸਮੇਂ ਦੇ ਲਈ ਹੀ ਰਹਿਣ ਵਾਲਾ ਹੈ। ਪਰ ਤੁਹਾਨੂੰ ਸਵਰਗ ਦੇ ਰਾਜ ਵਿੱਚ ਪ੍ਰਮੇਸ਼ਵਰ ਦੇ ਨਾਲ ਕਰੋੜਾਂ ਸਾਲ ਜੀਉਣਾ ਹੋਵੇਗਾ। ਤੁਸੀਂ ਮਨੁੱਖ ਨੂੰ ਖੁਸ਼ ਕਰ ਰਹੇ ਹੋ ਜਾਂ ਪ੍ਰਮੇਸ਼ਵਰ ਨੂੰ?

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇੱਕ ਅਜਿਹਾ ਜੀਵਨ ਜੀਉਣ ਦਾ ਸੰਕਲਪ ਲਓ ਜਿਹੜਾ ਪ੍ਰਮੇਸ਼ਵਰ ਨੂੰ ਖੁਸ਼ ਕਰੇ।

ਅਭਿਆਸ ਕਰਨ ਲਈ – “ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ੁਰ ਨੂੰ? ਕੀ ਮੈਂ ਮਨੁੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ? ਜੇ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ”(ਗਲਾਤਿਯਾ 1:10)।

Article by elimchurchgospel

Leave a comment